Meeting with auto drivers (3)

COMMON MAN’s CM CHANNI WINS HEARTS OF AUTO RICKSHAW DRIVERS

ਆਟੋ ਰਿਕਸ਼ਾ ਚਾਲਕਾਂ ਦੇ ਦਿਲ ਜਿੱਤ ਕੇ ਲੈ ਗਏ ਆਮ ਲੋਕਾਂ ਦੇ ਮੁੱਖ ਮੰਤਰੀ ਚੰਨੀ

ਲੁਧਿਆਣਾ, 22 ਨਵੰਬਰ

          ਲੁਧਿਆਣਾ ਦੇ ਗਿੱਲ ਚੌਕ ਵਿਖੇ ਗਾਹਕਾਂ ਦੀ ਉਡੀਕ ਵਿਚ ਆਟੋ ਰਿਕਸ਼ਾ ਚਾਲਕ ਆਮ ਵਾਂਗ ਬੈਠੇ ਹੋਏ ਸਨ ਤਾਂ ਉਨ੍ਹਾਂ ਕੋਲ ਅਚਨਚੇਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰੂਪ ਵਿਚ ਮਹਿਮਾਨ ਪਹੁੰਚ ਗਿਆ। ਮੁੱਖ ਮੰਤਰੀ ਚੰਨੀ ਆਟੋ ਰਿਕਸ਼ਾ ਚਾਲਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਅਨਾਜ ਮੰਡੀ ਨੂੰ ਜਾਂਦੇ ਸਮੇਂ ਰਾਹ ਵਿਚ ਉਨ੍ਹਾਂ ਕੋਲ ਰੁਕ ਗਏ ਸਨ।

          ਉਥੇ ਬੈਠੇ ਡਰਾਈਵਰਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਪਰ ਉਹ ਖੁਸ਼ੀ ਵਿਚ ਖੀਵੇ ਹੋਏ ਗਏ ਕਿਉਂਕਿ ਹਾਲ ਹੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕੋਈ ਮੁੱਖ ਮੰਤਰੀ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਆਪ ਚੱਲ ਕੇ ਆਇਆ ਹੋਵੇ। ਮੁੱਖ ਮੰਤਰੀ ਚੰਨੀ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸਨ ਜੋ ਆਟੋ ਚਾਲਕਾਂ ਦਰਮਿਆਨ ਲੱਕੜ ਦੇ ਬੈਂਚ ਉਤੇ ਬੈਠੇ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਚੰਨੀ ਨੂੰ ਆਟੋ ਰਿਕਸ਼ਾ ਚਾਲਕਾਂ ਨੇ ਚਾਹ ਦੀ ਪੇਸ਼ਕਸ਼ ਕੀਤੀ ਅਤੇ ਮੁੱਖ ਮੰਤਰੀ ਨੇ ਆਪਣੇ ਬੇਮਿਸਾਲ ਅੰਦਾਜ਼ ਵਿਚ ਇਨ੍ਹਾਂ ਪਲਾਂ ਆਨੰਦ ਮਾਣਦੇ ਹੋਏ ਚਾਹ ਦੇ ਕੱਪ ਵਿਚ ਮੱਠੀ ਡੁਬੋ ਕੇ ਖਾਧੀ।

          ਆਟੋ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਸਾਰੀਆਂ ਜਾਇਜ਼ ਮੰਗਾਂ ਉਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਆਟੋ ਰਿਕਸ਼ਾ ਚਾਲਕਾਂ ਦਾ ਵੱਡਾ ਇਕੱਠ ਜੁੜ ਜਾਣ ਉਤੇ ਮੁੱਖ ਮੰਤਰੀ ਚੰਨੀ ਸਟੂਲ ਉਤੇ ਖੜ੍ਹ ਹੋ ਗਏ ਅਤੇ ਤਾੜੀਆਂ ਦੀ ਗੂੰਜ ਵਿਚ ਚਾਲਕਾਂ ਨੂੰ ਮੁਖਾਤਿਬ ਹੋਏ। ਆਟੋ ਰਿਕਸ਼ਾ ਚਾਲਕਾਂ ਨਾਲ ਜਜ਼ਬਾਤੀ ਸਾਂਝ ਪਾਉਂਦੇ ਹੋਏ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸ਼ੁਰੂਆਤੀ ਦਿਨਾਂ ਦੌਰਾਨ ਉਨ੍ਹਾਂ ਨੇ ਖੁਦ ਵੀ ਆਟੋ ਰਿਕਸ਼ਾ ਚਲਾਇਆ। ਆਟੋ ਚਾਲਕਾਂ ਦੇ ਦਿਲ ਜਿੱਤਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੂੰ ਛੇਤੀ ਹੀ ਨਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ ਤਾਂ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਤੰਗ-ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

          ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਬਕਾਇਆ ਪਏ ਸਾਰੇ ਚਲਾਨ ਵੀ ਮੁਆਫ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਆਟੋ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਅਤੇ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਲਈ ਆਖਿਆ। ਮੁੱਖ ਮੰਤਰੀ ਚੰਨੀ ਨੇ ਆਟੋ ਰਿਕਸ਼ੇ ਚਲਾਉਣ ਲਈ ਵਿਸ਼ੇਸ਼ ਤੌਰ ਉਤੇ ਪੀਲੀ ਲਾਈਨ ਖਿੱਚਣ ਦੀ ਮੰਗ ਨੂੰ ਵੀ ਮੰਨ ਲਿਆ।

          ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਅਤੇ ਲਖਬੀਰ ਸਿੰਘ ਲੱਖਾ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਹਾਜ਼ਰ ਸਨ।

COMMON MAN’s CM CHANNI WINS HEARTS OF AUTO RICKSHAW DRIVERS

Comment As:

Comment (0)