ਫਸਲ ਦੀ ਆਮਦ ਤੇ ਕੋਵਿਡ ਦੇ ਮੱਦੇਨਜ਼ਰ ਮੰਡੀਆਂ ’ਚ ਪ੍ਰਬੰਧ ਜਾਰੀ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ ਬਰਨਾਲਾ
*ਸਮਾਜਿਕ ਦੂਰੀ ਯਕੀਨੀ ਬਣਾਉਣ ਲਈ ਕਰਵਾਈ ਜਾ ਰਹੀ ਹੈ ਮਾਰਕਿੰਗ: ਜ਼ਿਲਾ ਮੰਡੀ ਅਫਸਰ
ਬਰਨਾਲਾ, 8 ਅਪਰੈਲ
ਕਣਕ ਦੀ ਫਸਲ ਦੀ 10 ਅਪਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਮੱਦੇਨਜ਼ਰ ਅਤੇ ਕਰੋਨਾ ਵਾਇਰਸ ਦੇ ਫੈਲਾਅ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਲਈ ਮੰਡੀਆਂ ਵਿਚ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਕਣਕ ਦੀ ਖਰੀਦ ਵਾਸਤੇ 98 ਮੰਡੀਆਂ ਤੋਂ ਇਲਾਵਾ ਰਾਈਸ ਸ਼ੈਲਰਾਂ ’ਚ 62 ਆਰਜ਼ੀ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ। ਮੰਡੀਆਂ ਵਿਚ ਬਿਜਲੀ, ਪਾਣੀ ਆਦਿ ਦੇ ਪ੍ਰਬੰਧਾਂ ਦੇ ਨਾਲ ਨਾਲ 30 ਗੁਣਾ 30 ਦੇ ਖਾਨੇ ਬਣਾ ਕੇ ਮਾਰਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਸਮਾਜਿਕ ਦੂਰੀ ਯਕੀਨੀ ਬਣਾਈ ਜਾ ਸਕੇ। ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣੇ ਯਕੀਨੀ ਬਣਾਉਣ।