Today's Top News

img

ਲੁਧਿਆਣਾ, 18 ਜੂਨ (ਰਾਮ ਰਾਜਪੂਤ/ਰਾਜਨ ਮਹਿਰਾ) - ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਲੋਂ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਰਾਹੀਂ ਦੇਸ ਅੰਦਰ ਦਧਾਰੂ ਪਸ਼ੂਆਂ ਦੀ ਦੁੱਧ ਦੇਣ ਦੀ ਸਮਰੱਥਾ ਵਧਾਉਣ ਅਤੇ ਉੱਤਮ ਨਸਲ ਦੇ ਪਸ਼ੂ ਧਨ ਦੀ ਗਿਣਤੀ ਵਧਾਉਣ ਲਈ ਨਸਲ ਸੁਧਾਰ ਦਾ ਇੱਕ ਕੌਮੀ ਪੱਧਰ ਦਾ ਪ੍ਰੋਗਰਾਮ ਸ਼ੂਰੂ ਕੀਤਾ ਗਿਆ ਹੈ।
ਇਸ ਤਕਨੀਕ ਹੇਠ ਦੇਸ ਦੇ ਅੰਦਰ ਉਪਲੱਬਧ ਅਤੇ ਅਗਾਂਹ ਵਧੂ ਦੇਸਾਂ ਤੋਂ ਸਰਵ ਉੱਤਮ ਝੋਟਿਆਂ ਅਤੇ ਸਾਨ੍ਹਾਂ ਦਾ ਨਿਰੋਲ ਵੱਛੀਆਂ ਅਤੇ ਕੱਟੀਆਂ ਪੈਦਾ ਕਰਨ ਹਿੱਤ ਸੀਮਨ ਵਰਤ ਕੇ ਅਤੇ ਚੋਟੀ ਦੀਆਂ ਮੱਝਾਂ ਅਤੇ ਗਾਵਾਂ ਜਿਨ੍ਹਾਂ ਦੀ ਜਿਣਸ ਪਰਖੀ ਅਤੇ ਪ੍ਰਮਾਣਿਤ ਕੀਤੀ ਗਈ ਹੋਵੇ ਦੇ ਵਿੱਚੋਂ ਅੰਡੇ ਲੈ ਕੇ ਆਈ.ਵੀ.ਐੱਫ. ਭਰੂਣ ਤਬਾਦਲਾ ਤਕਨੀਕ ਰਾਹੀਂ ਭਰੂਣ ਤਿਆਰ ਕਰਕੇ ਪੰਜਾਬ ਦੇ ਦੁੱਧ ਉਤਪਾਦਕਾ ਦੀਆਂ ਮੱਝਾਂ ਅਤੇ ਗਾਵਾ ਦੇ ਹੇਹੇ ਵਿੱਚ ਆਉਣ ਸਮੇਂ ਉਨ੍ਹਾਂ ਦੀ ਕੁੱਖ ਵਿੱਚ ਰੱਖੇ ਜਾਣਗੇ ਜਿਸ ਨਾਲ ਵਧੇਰੇੇ ਦੁੱਧ ਦੇਣ ਵਾਲੀਆਂ ਕੱਟੀਆਂ ਅਤੇ ਵੱਛੀਆਂ ਪੈਦਾ ਕਰਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਹੀ ਵਧੇਗੀ ਬਲਕਿ ਉੱਤਮ ਨਸਲ ਦੇ ਪਸ਼ੂਆਂ ਦੀ ਪੈਦਾਵਾਰ ਵੀ ਹੋਵੇਗੀ ਜਿਸ ਨਾਲ ਦੁੱਧ ਦੀ ਪੈਦਾਵਾਰ ਦੇ ਲਾਗਤ ਖਰਚੇ ਘਟਣਗੇ ਅਤੇ ਪਸ਼ੂਆਂ ਦੀ ਕੀਮਤ ਵਿੱਚ ਵਾਧਾ ਹੋਵੇਗਾ।
ਇਸ ਸਕੀਮ ਨੂੰ ਪੰਜਾਬ ਵਿੱਚ ਮਿਲਕਫੈੱਡ ਵੱਲੋਂ ਆਪਣੇ ਲੁਧਿਆਣਾ, ਪਟਿਆਲਾ, ਮੋਹਾਲੀ, ਜਲੰਧਰ ਅਤੇ ਅੰਮ੍ਰਿਤਸਰ ਮਿਲਕ ਪਲਾਟਾਂ ਵੱਲੋਂ ਲਾਗੂ ਕੀਤੇ ਜਾਣ ਦੀ ਸ਼ੁਰੂਆਤ ਕਰਦਿਆਂ ਅੱਜ ਇੱਥੇ ਸ. ਕਮਲਦੀਪ ਸਿੰਘ ਸੰਘਾ, ਮੈਨੇਜਿੰਗ ਡਾਇਰੈਕਟਰ ਮਿਲਕਫੈੱਡ ਵੱਲੋਂ ਦੱਸਿਆ ਗਿਆ ਕਿ ਇਹ ਸਕੀਮ ਪੰਜਾਬ ਵਿੱਚ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਸੁਧਾਰਨ ਦੇ ਨਾਲ-ਨਾਲ ਪੰਜਾਬ ਨੂੰ ਇੱਕ ਬਰੀਡਰ ਸਟੇਟ ਦਾ ਦਰਜਾ ਦੇਣ ਲਈ ਸਹਾਈ ਹੋਵੇਗੀ।
ਉਨ੍ਹਾਂ ਮਿਲਕਫੈੱਡ ਦੇ ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਨੂੰ ਇਸ ਸਕੀਮ ਨੂੰ ਪੂਰੀ ਤਨਦੇਹੀ ਅਤੇ ਦਿਆਤਦਾਰੀ ਨਾਲ ਲਾਗੂ ਕਰਨ ਦੀ ਹਦਾਇਤ ਕਰਦਿਆਂ ਦੱਸਿਆ ਕਿ ਮਿਲਕਫੈੱਡ ਵੱਲੋਂ ਇਸ ਸਕੀਮ ਨੂੰ ਕਾਮਯਾਬ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ ਅਤੇ ਦੁੱਧ ਉਤਪਾਦਕਾਂ ਦੀ ਜਾਗਰੂਕਤਾ ਲਈ ਕੈਪਾਂ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਕੰਮ ਕਰਨ ਦੇ ਨਾਲ-ਨਾਲ ਸਕੀਮ ਦਾ ਲਾਹਾ ਲੈਣ ਵਾਲੇ ਚਾਹਵਾਨ ਕਿਸਾਨਾਂ ਦੀ ਚੋਣ ਕੀਤੀ ਜਾਵੇਗੀ।
ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਅਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ (ਜੀ.ਏ.ਡੀ.ਵੀ.ਏ.ਸ.ਯੂ.) ਲੁਧਿਆਣਾ ਦੇ ਤਕਨੀਕੀ ਮਾਹਿਰ ਮਿਲਕਫੈੱਡ ਦਾ ਸਹਿਯੋਗ ਕਰਨਗੇ। ਉਨ੍ਹਾਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਡੇਅਰੀ ਧੰਦੇ ਨੂੰ ਹੋਰ ਵਿਕਸਤ ਕਰਨ ਅਤੇ ਅੰਤਰ-ਰਾਸ਼ਟਰੀ ਪੱਧਰ ਦਾ ਬਣਾਉਣ ਲਈ ਇਸ ਸਕੀਮ ਤੋਂ ਲਾਹਾ ਲੈਣ ਅਤੇ ਹੋਰ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਹਿੱਤ ਆਪਣੇ ਨੇੜਲੇ ਵੇਰਕਾ ਪਲਾਂਟ ਦੇ ਜਨਰਲ ਮੈਨੇਜਰ ਸਹਿਬਾਨ ਜਾ ਮੁੱਖ ਦਫਤਰ ਮਿਲਕਫੈੱਡ ਚੰਡੀਗੜ੍ਹ ਨਾਲ ਸੰਪਰਕ ਕਰਨ।
ਇਸ ਮੌਕੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ (ਜੀ.ਏ.ਡੀ.ਵੀ.ਏ.ਸ.ਯੂ.) ਲੁਧਿਆਣਾ ਦੇ ਡਾਕਟਰ ਜਤਿੰਦਰਪਾਲ ਸਿੰਘ ਗਿੱਲ ਡਾਇਰੈਕਟਰ ਖੋਜ ਅਤੇ ਡਾਕਟਰ ਨਰਿੰਦਰ ਸਿੰਘ ਐਂਬਰੀਓ ਟਰਾਂਸਫਰ ਟੈਕਨੋਲਜੀ ਦੇ ਮਾਹਿਰ ਅਤੇ ਮਿਲਕ ਪਲਾਂਟਾਂ ਦੇ ਜਨਰਲ ਮੈਨੇਜਰ ਸਾਹਿਬਾਨ ਅਤੇ ਹੋਰ ਫੀਲਡ ਅਫਸਰ ਵੀ ਸ਼ਾਮਲ ਸਨ।

test

You Might Also Like