Today's Top News

imgਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਹੁਸ਼ਿਆਰਪੁਰ

ਜ਼ਿਲ੍ਹਾ ਮੈਜਿਸਟਰੇਟ ਨੇ ਕਣਕ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਨਾ ਕਰਨ ਦੇ ਦਿੱਤੇ ਆਦੇਸ਼

ਕਿਸਾਨਾਂ ਨੂੰ ਮੰਡੀਆਂ ’ਚ ਨਿਰਧਾਰਤ ਨਮੀ ਵਾਲੀ ਕਣਕ ਲਿਆਉਣ ਦੀ ਕੀਤੀ ਅਪੀਲ


ਹੁਸ਼ਿਆਰਪੁਰ, 5 ਅਪ੍ਰੈਲ: 10 ਅਪ੍ਰੈਲ ਨੂੰ ਜ਼ਿਲ੍ਹੇ ਦੀਆਂ ਮੰਡੀਆਂ ’ਚ ਜਿਥੇ ਵੱਖ-ਵੱਖ ਏਜੰਸੀਆਂ ਵਲੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ, ਉਥੇ ਕਣਕ ਦੀ ਕਟਾਈ ਨੂੰ ਲੈ ਕੇ ਵੀ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਜ਼ਰੂਰੀ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਕਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਜਿਥੇ ਕਣਕ ਦੀ ਨਾੜ ਤੇ ਹੋਰ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੇ ਨਿਰਦੇਸ਼ ਦਿੱਤੇ, ਉਥੇ ਜ਼ਿਲ੍ਹੇ ਵਿੱਚ ਕੰਬਾਇਨ ਮਾਲਕਾਂ ਅਤੇ ਓਪਰੇਟਰਾਂ ਨੂੰ ਵੀ ਕਣਕ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਦਰਮਿਆਨ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿੱਚ ਉਨ੍ਹਾਂ ਫੌਜਦਾਰੀ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦਾ ਪ੍ਰਯੋਗ ਕਰਦੇ ਹੋਏ ਜ਼ਿਲ੍ਹੇ ਦੀ ਹੱਦ ਅੰਦਰ ਕਣਕ ਦੀ ਰਹਿੰਦ-ਖੂਹੰਦ ਨੂੰ ਅੱਗ ਲਗਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਹਾਲਾਤ ਵਿੱਚ ਕੰਬਾਇਲ ਮਾਲਕਾਂ, ਓਪਰੇਟਰਾਂ ਵਲੋਂ ਕਣਕ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਦਰਮਿਆਨ ਨਾ ਕੀਤੀ ਜਾਵੇ। ਉਨ੍ਹਾਂ ਕਣਕ ਦੀ ਕਟਾਈ ਕਰਦੇ ਸਮੇਂ ਕੰਬਾਇਨਾਂ ਵਿੱਚ ਉਪਲਬੱਧ ਪੱਖਿਆਂ ਨੂੰ ਚਾਲੂ ਰੱਖਣ ਦੀ ਵੀ ਹਦਾਇਤ ਦਿੰਦੇ ਹੋਏ 30 ਮਈ ਤੱਕ ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।

ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਆਮ ਤੌਰ ’ਤੇ ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਰਹਿੰਦ-ਖੂਹੰਦ ਨੂੰ ਖੇਤਾਂ ਵਿੱਚ ਅੱਗ ਲਗਾ ਦਿੰਦੇ ਹਨ, ਜਿਸ ਨਾਲ ਵਾਤਾਵਰਣ ਜੀਵ-ਜੰਤੂ, ਲਾਗੇ ਖੜੀ ਫ਼ਸਲ, ਸੜਕ ਕਿਨਾਰੇ ਲਗਾਏ ਪੌਦੇ ਅਤੇ ਰੁੱਖਾਂ ਨੂੰ ਨੁਕਸਾਨ ਹੋਣ ਦਾ ਡਰ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉਥੇ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ। ਇਸ ਨਾਲ ਜਮੀਨ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਅਪਨੀਤ ਰਿਆਤ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਵੀ ਆਇਆ ਹੈ ਕਿ ਆਮ ਤੌਰ ’ਤੇ ਕਣਕ ਦੀ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ ਅਤੇ ਕੰਬਾਇਲ ਮਾਲਕ ਜ਼ਿੰਮੀਦਾਰਾਂ ਨੂੰ ਫ਼ਸਲ ਦੀ ਕਟਾਈ ਦੇ ਸਹੀ ਸਮੇਂ ਬਾਰੇ ਵਿੱਚ ਜਾਣਕਾਰੀ ਨਹੀਂ ਦਿੰਦੇ ਅਤੇ ਰਾਤ ਦੇ ਸਮੇਂ ਵੀ ਫ਼ਸਲ ਦੀ ਕਟਾਈ ਕਰਦੇ ਹਨ। ਕਈ ਵਾਰ ਅਣਪੱਕੀ ਤੇ ਨਮੀ ਵਾਲੀ ਫ਼ਸਲ ਦੀ ਕਟਾਈ ਵੀ ਕਰ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਫ਼ਸਲ ਨੂੰ ਖਰੀਦਣ ਸਮੇਂ ਖਰੀਦ ਏਜੰਸੀਆਂ ਗੁਰੇਜ਼ ਕਰਦੀਆਂ ਹਨ, ਜਿਸ ਨਾਲ ਜਿੰਮੀਦਾਰਾਂ ਨੂੰ ਕਾਫ਼ੀ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਿਰਧਾਰਤ ਨਮੀ ਵਾਲੀ ਕਣਕ ਹੀ ਮੰਡੀਆਂ ਵਿੱਚ ਲਿਆਉਣ।


Adv

You Might Also Like