Logo
Header
img

ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਗ਼ਜ਼ਲ ਦਾ ਧਰੂ ਤਾਰਾ ▪️ਗੁਰਭਜਨ ਗਿੱਲ

ਪ੍ਰਿੰਸੀਪਲ ਤਖ਼ਤ ਸਿੰਘ ਪੰਜਾਬੀ ਕਾਵਿ ਜਗਤ ਦੇ ਉੱਚ ਦੋਮਾਲੜੇ ਬੁਰਜ ਸਨ। ਗ਼ਜ਼ਲ ਸਾਹਿੱਤ ਵਿੱਚ ਧਰੂ ਤਾਰੇ ਵਾਂਗ ਚਮਕਦੇ। ਪੰਜਾਬੀ ਗ਼ਜ਼ਲ ਨੂੰ ਪੰਜਾਬੀ ਜਾਮਾ ਪਹਿਨਾਉਣ ਵਾਲਿਆਂ ਦੇ ਮੋਢੀ ਸਨ। 15 ਸਤੰਬਰ 1914 ਨੂੰ 50 ਚੱਕ ਈਸੜੂ (ਲਾਇਲਪੁਰ) ‘ਚ ਸ: ਸੁੰਦਰ ਸਿੰਘ ਦੇ ਗ੍ਰਹਿ ਵਿਖੇ ਮਾਤਾ ਜੀ ਹਰਨਾਮ ਕੌਰ ਦੀ ਕੁੱਖੋਂ ਜਨਮੇ ਪ੍ਰਿੰਸੀਪਲ ਤਖ਼ਤ ਸਿੰਘ ਸਾਨੂੰ 26 ਫਰਵਰੀ 1990 ਨੂੰ ਸਦੀਵੀ ਵਿਛੋੜਾ ਦੇ ਗਏ ਸਨ।

ਆਪਣੀ ਗਰੈਜੂਏਸ਼ਨ ਉਨ੍ਹਾਂ ਖ਼ਾਲਸਾ ਕਾਲਿਜ ਅੰਮ੍ਰਿਤਸਰ ਤੋਂ ਕੀਤੀ ਜਿੱਥੇ ਵਿਅੰਗ ਲੇਖਕ ਸ: ਸੂਬਾ ਸਿੰਘ ਉਨ੍ਹਾਂ ਦੇ ਸਹਿਪਾਠੀ ਸਨ। ਉਨ੍ਹਾਂ ਦੀਆਂ ਗ਼ਜ਼ਲ ਰਚਨਾਵਾਂ ਵਿੱਚ ਲਿਸ਼ਕੋਰਾਂ, ਮੇਰੀ ਗ਼ਜ਼ਲ ਯਾਤਰਾ, ਗ਼ਜ਼ਲ ਕਾਵਿ, ਲਹੂ ਦੀ ਵਰਖਾ,ਕਾਵਿ ਸੰਗ੍ਰਹਿ ਵੰਗਾਰ, ਹੰਭਲੇ, ਅਣਖ਼ ਦੇ ਫੁੱਲ ਪ੍ਰਮੁੱਖ ਹਨ। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਵੀ ਡਾ: ਸ ਨ ਸੇਵਕ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਬਾਰੇ ਕੁਝ ਲੇਖ ਤੇ ਥੋੜੀ ਜਹੀ ਚੋਣਵੀਂ ਰਚਨਾ ਉਨ੍ਹਾਂ ਦੇ ਜੀਂਦੇ ਜੀਅ 1987 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।

ਆਪਣੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੀ ਜੀਵਨੀ ਵੀ ਉਨ੍ਹਾਂ 1959 ਚ ਲਿਖੀ ਤੇ ਪ੍ਰਕਾਸ਼ਿਤ  ਕਰਵਾਈ ਸੀ। ਹੁਣ ਇਹ ਕਿਤਾਬ ਕਿਤਿਉਂ ਨਹੀਂ ਮਿਲਦੀ।

ਪ੍ਰਿੰਸੀਪਲ ਤਖ਼ਤ ਸਿੰਘ ਉਰਦੂ ਸਾਹਿੱਤ ਵਿੱਚ ਨਜ਼ਮ ਦੇ ਵੱਡੇ ਕਵੀ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਉਰਦੂ ‘ਚ ਕਾਵਿ ਪੁਸਤਕਾਂ ਦੇ ਨਾਮ ਖ਼ਲਿਸ਼ ਏ ਅਹਿਸਾਸ, ਸ਼ਬੇ ਉਰੀਆਂ ,ਤਖ਼ਤ ਏ ਰਵਾਂ ਤੇ ਵਜਦ ਏ ਹੈਰਤ ਹਨ।

ਉਨ੍ਹਾਂ ਦਾ ਜੱਦੀ ਪਿੰਡ ਖੰਨਾ ਨੇੜੇ ਈਸੜੂ(ਲੁਧਿਆਣਾ) ਸੀ ਪਰ ਬਹੁਤਾ ਚਿਰ ਫੀਰੋਜ਼ਪੁਰ, ਫਰੀਦਕੋਟ ਆਦਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਰਹੇ। ਸੇਵਾ ਮੁਕਤੀ ਉਪਰੰਤ ਉਹ 2047 ਗੁੱਜਰਾਂ ਅਗਵਾੜ ਰਾਏਕੋਟ ਰੋਡ ਜਗਰਾਉਂ ਵਿੱਚ ਰਹਿਣ ਲੱਗ ਪਏ। ਇਥੇ ਹੀ ਉਨ੍ਹਾਂ ਅੰਤਿਮ ਸਵਾਸ ਲਏ। ਜਗਰਾਉਂ ਦੀ ਸਾਹਿੱਤਕ ਫ਼ਿਜ਼ਾ ਚ ਉਹ ਬਾਬਲ ਵਰਗੇ ਸਨ। ਉਨ੍ਹਾਂ ਦੇ ਸ਼ਾਗਿਰਦਾਂ ਦੀ ਲੰਮੀ ਕਤਾਰ ਹੈ।

ਮੈਨੂੰ ਮਾਣ ਹੈ ਕਿ ਉਨ੍ਹਾਂ ਦੇ ਉਤਸ਼ਾਹ ਤੇ ਅਗਵਾਈ ਸਦਕਾ ਹੀ ਮੈਂ ਗ਼ਜ਼ਲ ਖੇਤਰ ‘ਚ ਸਿਰਜਣਸ਼ੀਲ ਹੋਣ ਦੀ ਹਿੰਮਤ ਕਰ ਸਕਿਆ। ਮੇਰੀ ਪਹਿਲੀ ਗ਼ਜ਼ਲ ਪੁਸਤਕ ਹਰ ਧੁਖਦਾ ਪਿੰਡ ਮੇਰਾ ਹੈ ਦਾ 1985 ਚ ਉਨ੍ਹਾਂ ਹੀ ਮੁੱਖ ਬੰਦ ਲਿਖਿਆ ਸੀ। ਪ੍ਰਿੰਸੀਪਲ ਤਖ਼ਤ ਸਿੰਘ ਜੀ ਦੇ ਨਿੱਕੇ ਵੀਰ ਸ਼ਹੀਦ ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀ ਯਾਦ ਚ ਹਰ ਸਾਲ 15 ਅਗਸਤ ਨੂੰ ਈਸੜੂ ਵਿਖੇ ਬਰਸੀ ਸਮਾਗਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।

ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਪ੍ਰਸਿੱਧੀ ਉਸ ਵਕਤ ਸਿਖਰ ਤੇ ਪੁੱਜੀ ਜਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਡਾ: ਉਜਾਗਰ ਸਿੰਘ ਜੀ ਦੀ ਸੰਪਾਦਨਾ ਹੇਠ ਉਨ੍ਹਾਂ ਦੀ ਚੋਣਵੀਂ ਰਚਨਾ ਮਹਿਕਾਂ ਭਰੀ ਸਵੇਰ ਬੀ ਏ ਭਾਗ ਦੂਜਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀ। ਉਸ ਦੇ ਦੋ ਸ਼ਿਅਰ ਘਰ ਘਰ ਦੀ ਕਹਾਣੀ ਬਣੇ।


ਘੁਲ਼ ਰਹੇ ਨੇ ਜ਼ੁਲਮ ਲਹਿਰਾਂ ਨਾਲ ਯੋਧੇ,

ਬੇਜ਼ਮੀਰੇ ਬਹਿ ਕਿਨਾਰੇ ਹੱਸ ਰਹੇ ਨੇ।


ਉਹ ਭਲਾ ਕਾਹਦੀ ਕਲਾ ਜਿਹੜੀ ਸਦਾ ਮਹਿਲਾਂ ਨੂੰ ਚਿਤਰੇ,

ਚਿਤਰੀਏ ਤਾਂ ਝੁੱਗੀਆਂ ਮਹਿਲਾਂ ‘ਚ ਢਾਰੇ ਟੰਗ ਦੇਈਏ।


ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਦੀ ਛਪੀ ਅਣਛਪੀ ਗ਼ਜ਼ਲ ਸਿਰਜਣਾ ਨੂੰ ਉਨ੍ਹਾਂ ਦੇ ਸਪੁੱਤਰ ਸ੍ਵ: ਕਰਨਲ ਗੁਰਦੀਪ ਸਿੰਘ (ਜਗਰਾਉਂ) ਪਾਸੋਂ ਸੰਪਾਦਿਤ ਕਰਵਾ ਕੇ 1998 ‘ਚ ਪ੍ਰਿੰਸੀਪਲ ਤਖ਼ਤ ਸਿੰਘ ਦੀਆਂ ਗ਼ਜ਼ਲਾਂ ਨਾਮ ਹੇਠ ਪ੍ਰਕਾਸ਼ਿਤ ਕੀਤਾ। ਇਸ ਦੇ 330 ਪੰਨੇ ਹਨ।

ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਰਚਨਾ ਵਿੱਚ ਸ਼ੁੱਧ ਪੰਜਾਬੀ ਮੁਹਾਵਰਾ ਤੇ ਮੁਹਾਂਦਰਾ ਬੋਲਦਾ ਹੈ। ਦੁਖਦਾਈ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਦੀ ਪੁਨਰ ਪ੍ਰਕਾਸ਼ਨਾ ਨਾ ਹੋਣ ਕਾਰਨ ਖੋਜ ਵਿਦਿਆਰਥੀਆਂ ਲਈ ਅਪਹੁੰਚ ਹੈ।

ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਕੋਈ ਵੀ ਸਾਫ਼ ਤਸਵੀਰ ਕਿਤਿਉਂ ਵੀ ਨਾ ਮਿਲਣ ਕਰਕੇ ਬਰੁਤ ਤਕਲੀਫ਼ ਹੁੰਦੀ ਸੀ, ਸ਼ਰਮਸਾਰੀ ਵੀ। ਧੰਨਵਾਦ ਪਿਆਰੇ ਵੀਰ ਆਸਿਫ਼ ਰਜ਼ਾ ਦਾ, ਜਿਸ ਮਿਹਨਤ ਕਰਕੇ ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀ ਮੱਧਮ ਤਸਵੀਰ ਨੂੰ ਕੰਪਿਊਟਰ ਨਾਲ ਸੰਵਾਰ ਕੇ ਪੇਸ਼ ਕਰਨ ਯੋਗ ਬਣਾ ਦਿੱਤਾ ਹੈ।

 

ਆਉ! ਰਲ ਮਿਲ ਕੇ ਆਪਾਂ ਆਪਣੇ ਵਡਪੁਰਖੇ ਦੀ ਰਚਨਾ ਨੂੰ ਮਾਣੀਏ। ਉਨ੍ਹਾਂ ਪੰਜ ਗ਼ਜ਼ਲਾਂ ਤੁਹਾਡੇ ਹਵਾਲੇ ਕਰ ਰਿਹਾਂ।

🔹


ਪ੍ਰਿੰਸੀਪਲ ਤਖ਼ਤ ਸਿੰਘ ਜੀ ਦੀਆਂ ਪੰਜ ਗ਼ਜ਼ਲਾਂ ਪੇਸ਼ ਹਨ।


1.


ਡੁਬ ਕੇ ਜੋ ਤਾਰੂ ਸਮੁੰਦਰ ਵਿਚ ਕਿਤੇ ਰਹਿ ਜਾਣਗੇ।

ਪਾਣੀਆਂ ਉੱਤੇ ਉਨ੍ਹਾਂ ਦੇ ਨਾਂ ਲਿਖੇ ਰਹਿ ਜਾਣਗੇ।


ਪੰਛੀਆਂ ਉੱਪਰ ਤਾਂ ਲਾ ਦਿੱਤੇ ਤੂੰ ਪਹਿਰੇ, ਪਰ ਜੋ ਗੀਤ,

ਚੜ੍ਹ ਗਏ ਪੌਣਾਂ ਦੇ ਮੂੰਹ, ਕੀ ਅਣਸੁਣੇ ਰਹਿ ਜਾਣਗੇ।


ਆਪਣੀ ਧੁਨ ਵਿੱਚ ਮਸਤ ਚੁੱਕਣਗੇ ਸਿਰਾਂ ਤੇ ਟੀਸੀਆਂ,

ਸੰਸਿਆਂ ਮਾਰੇ ਗੁਫ਼ਾਵਾਂ ਵਿੱਚ ਤੜੇ ਰਹਿ ਜਾਣਗੇ।


ਪਲ ਕੁ ਪੱਥਰ ਵਾਂਗ ਇਉਂ ਵੱਜਾਂਗਾ ਆਪਣੇ ਆਪ ਨੂੰ,

ਫੁੱਲ ਅਚੰਭੇ ਵਿੱਚ ਜੁਗਾਂ ਤੀਕਰ ਪਏ ਰਹਿ ਜਾਣਗੇ।


ਆਸ ਸੀ ਤੈਨੂੰ ਨ ਮੈਂ ਹੀ ਸੀ ਕਦੇ ਇਹ ਸੋਚਿਆ,

ਫਾਸਿਲੇ ਸਾਡੇ ਵਿਚਾਲੇ ਵੀ ਅੜੇ ਰਹਿ ਜਾਣਗੇ।


ਵਾਗ਼ ਛੱਡ ਦਿੱਤੀ ਗਈ ਢਿੱਲੀ ਜਦੋਂ ਤੂਫ਼ਾਨ ਦੀ,

ਵੇਖੀਏ ਦੀਵੇ ਕਿਵੇਂ ਬੁਝਣੋਂ ਬਚੇ ਰਹਿ ਜਾਣਗੇ।


ਇੱਕ ਅਗੰਮੀ ‘ਵਾਜ਼ ਖਿੱਚ ਏਨੀ ਮਨਾਂ ਨੂੰ ਪਾਏਗੀ,

ਪੰਛੀਆਂ ਨੂੰ ਬਿਰਛ ਉਡਣੋਂ ਰੋਕਦੇ ਰਹਿ ਜਾਣਗੇ।


ਮੇਰੇ ਸੁਪਨੇ ਹੂਬਹੂ ਪਾਣੀ ਦੇ ਸ਼ੀਸ਼ੇ ਵਾਂਗ ਸਨ,

ਟੁਕੜੇ ਟੁਕੜੇ ਹੋਣਗੇ ਫਿਰ ਵੀ ਜੁੜੇ ਰਹਿ ਜਾਣਗੇ।


ਸਾਡੇ ਸਿਰ, ਤੇ ਕਰਨ ਜੋ ਮੌਜਾਂ ਸਿਰੋਂ ਛੰਡੋ ਪਰ੍ਹਾਂ,

ਆਪੇ ਮਜਬੂਰਨ ਹਵਾ ਵਿੱਚ ਚੀਥ਼ਦੇ ਰਹਿ ਜਾਣਗੇ।


ਮਨਚਲੇ ਪੁੱਜ ਜਾਣਗੇ,ਆਕਾਸ਼ ਗੰਗਾ ਤੋਂ ਵੀ ਪਾਰ,

ਸੋਚਦੇ ਰਹਿਣੈ ਜਿੰਨ੍ਹਾਂ ਨੇ ਸੋਚਦੇ ਰਹਿ ਜਾਣਗੇ।


2.

 

ਅੱਗ ਵਾਂਗ ਉਸ ਦਾ ਲਹੂ ਸ਼ਬਦਾਂ ‘ਚ ਜਦ ਖਿੱਲਰ ਗਿਆ।

ਅਰਥ ਸਭ ਅਖ਼ਬਾਰ ਦੀ ਸੁਰਖ਼ੀ ਦੇ ਸਨ ਉਹ ਮਰ ਗਿਆ।


ਉੱਡਦਿਆਂ ਬੱਦਲਾਂ ਦੇ ਪਰਛਾਵੇਂ ਵੀ ਪੁੱਛਦੇ ਰਹਿ ਗਏ,

ਸੀਸ ਜਿਸ ਨੂੰ ਨਿੱਤ ਨਿਵਾਉਂਦੇ ਸਾਂ ਅਸੀਂ, ਕਿੱਧਰ ਗਿਆ।


ਉਸ ਦੇ ਮਨ ਦੀ ਰੌਸ਼ਨੀ ਹੀ ਉਸ ਨੂੰ ਲੈ ਡੁੱਬੀ, ਦਰੁਸਤ,

ਪਰ ਸਮਾਂ ਦੱਸੇਗਾ, ਡੁੱਬ ਕੇ ਤਾਂ ਸਗੋਂ ਉਹ ਤਰ ਗਿਆ।


ਅਣਗਿਣਤ ਗੂੰਜਾਂ ‘ਚ ਵਿਸ ਘੋਲ਼ੇਗੀ ਹਰ ਆਉਂਦੀ ਸਦੀ,

ਕਤਲ਼ ਤਾਂ ਦਿਲ ਦੇ ਖਰੇ ਬੋਲਾਂ ਨੂੰ ਕੋਈ ਕਰ ਗਿਆ।


ਆਤਮਾ ਵਾਂਗ ਆਪ ਤਾਂ ਉਡ ਪੁਡ ਗਿਆ ਆਕਾਸ਼ ਵੱਲ,

ਪਰ ਬਦਨ ਮਿੱਟੀ ਦਾ ਗੋਲ਼ੀ ਦੀ ਤਲੀ ਤੇ ਧਰ ਗਿਆ।


ਕੀ ਖ਼ੁਦਾ ਆਪੀਂ ਵੀ ਬੇਬਸ ਸੀ, ਨਹੀਂ ਤਾਂ ਉਹ ਕਿਵੇਂ,

ਇੱਕ  ਘਿਨਾਉਣੇ ਪਾਪ ਨੂੰ ਚੁਪ ਚਾਪ ਏਦਾਂ ਜਰ ਗਿਆ।


ਇੱਕ ਮੁਸਾਫ਼ਿਰ ਨੂੰ ਸਫ਼ਰ ਦਾ ਇਹ ਵੀ ਮਿਲਣਾ ਸੀ ਇਨਾਮ,

ਉਸ ਨੂੰ ਖ਼ੁਦ ਰਸਤਾ ਹੀ, ਰਸਤਾ ਦੇਣ ਤੋਂ ਸੀ ਡਰ ਗਿਆ।


ਕੇਵਲ ਇਸ ਕਰ ਕੇ ਉਦੇ ਸਿਰ ਤੋਂ ਦੀ ਪਾਣੀ ਵਗ ਤੁਰੇ,

ਕਿਉਂ ਘਟਾ ਬਣ ਕੇ ਬਿਨਾ ਪੁੱਛੇ ਥਲਾਂ ਤੇ ਵਰ੍ਹ ਗਿਆ।


ਕਤਲ਼ ਕੀ ਕੀਤਾ, ਸਮੁੰਦਰ ਵਿੱਚ ਬਦਲ ਦਿੱਤੀ ਨਦੀ,

ਤੇਰਾ ਕੀ ਏ, ਤੂੰ ਕਦੇ ਚੜ੍ਹਿਆ ਕਦੇ ਉੱਤਰ ਗਿਆ।


ਮੇਸ ਸਕੇਗਾ ਉਨ੍ਹਾਂ ਸ਼ਬਦਾਂ ਨੂੰ ਕੌਣ ਇਤਿਹਾਸ ‘ਚੋਂ,

ਤੂੰ ਸਦੀਵ ਕਾਲ ਦਾ ਚਾਨਣ ਜਿੰਨ੍ਹਾਂ ਵਿੱਚ ਭਰ ਗਿਆ।


3.


ਉਹ ਹਵਾ ਝੁੱਲੀ ਕਿ ਕੁੱਬਾ ਹੋ ਗਿਆ।

ਬਿਰਖ ਰਾਤੋ ਰਾਤ ਬੁੱਢਾ ਹੋ ਗਿਆ।


ਸੈਨਤਾਂ ਕਰਦੀ ਕਿਰਨ ਬੁੱਝਦੀ ਫਿਰੇ,

ਕੌਣ ਦਰ ਕਿੰਨਾ ਕੁ ਅੰਨ੍ਹਾ ਹੋ ਗਿਆ।


ਸਿਰ ਜੁੜੇ ਛੱਲਾਂ ਦੇ ਇਉਂ ਜਦ ‘ਵਾ ਰੁਕੀ,

ਮੂੰਹ ਤਲਾਅ ਦਾ ਫਿਰ ਤੋਂ ਸ਼ੀਸ਼ਾ ਹੋ ਗਿਆ।


ਸੱਚ ਜਿਦ੍ਹਾ ਚੁਭਦਾ ਸੀ ਸਭ ਨੂੰ ਸੂਲ ਵਾਂਗ,

ਉਹ ਸ਼ੁਦਾਅ ਸੂਲੀ ਨੂੰ ਪਿਆਰਾ ਹੋ ਗਿਆ।


ਮੇਰੇ ਝਲਕਾਰੇ ਸੀ ਪਲ ਝਲ ਦੇ ਮਸੀਂ,

ਸਿਰ ਤੋਂ ਵਗਦੀ ਅਗ ਦਾ ਦਰਿਆ ਹੋ ਗਿਆ।


ਉਡ ਗਿਆ ਪੰਛੀ ਲਗਰ ਤੇ ਝੂਟ ਕੇ,

ਮਨ ਦੇ ਸੁਫ਼ਨੇ ਵਾਂਗ ਸੁਫ਼ਨਾ ਹੋ ਗਿਆ।


4.

 

ਪਲ ਭਰ ਹੀ ਆਪਣੇ ਆਪ ਵਿੱਚ ਮੈਨੂੰ ਸਮੋ ਕੇ ਵੇਖ।

ਤੂੰ ਆਪਣੇ ਆਪ ਦਾ ਤਾਂ ਹੈਂ ਮੇਰਾ ਵੀ ਹੋ ਕੇ ਵੇਖ।


ਬੱਦਲ ਨੇ ਜਾਂ ਧੂੰਆਂ ਨੇ ਜਾਂ ਚਿਣਗਾਂ ਨੇ ਮਨ ਦੀਆਂ,

ਹਾਉਕੇ ਦਮਾਂ ਦੀ ਡੋਰ ਵਿੱਚ ਇੱਕ ਦਿਨ ਪਰੋ ਕੇ ਵੇਖ।


ਆਪਣੇ ਲਈ ਮੈਂ ਆਪ ਹੀ ਸੂਲੀ ਦੇ ਵਾਂਗ ਹਾਂ,

ਮੈਂ ਕੌਣ ਹਾਂ, ਕਦੀ ਤਾਂ ਮੇਰੇ ਕੋਲ ਆ ਕੇ ਵੇਖ।


ਬਹਿ ਕੇ ਪਰ੍ਹਾਂ ਹੀ ਵੇਖ ਨਾ ਗੋਰੇ ਸਰੀਰ ਵੱਲ,

ਪੱਥਰ ਹੈ ਇਹ ਕਿ ਮੋਮ, ਰਤਾ ਨਹੁੰ ਖੁਭੋ ਕੇ ਵੇਖ।


ਸਾਹਾਂ ਦੇ ਰੂਪ ਵਿੱਚ ਸਮਾਂ ਦਰਿਆ ਹੈ ਅੱਗ ਦਾ,

ਵਾਲੋਂ ਮਹੀਨ ਪੁਲ਼ ਤੇ ਨਾ ਐਵੇਂ ਖਲੋ ਕੇ ਵੇਖ।


ਇਥੇ ਕਠੋਰ ਕਹਿਕਹੇ ਚੀਕਾਂ ਨੂੰ ਚੂਸ ਜਾਣ,

ਕੰਧਾਂ ਨੇ ਸਭ ਸਲਾਭੀਆਂ, ਮੁੜ ਘਿੜ ਨਾ ਰੋ ਕੇ ਵੇਖ।


ਬੈਠੋਂ ਤੁੰ ਆਪਣੇ ਆਪ ਵਿੱਚ ਆਪਣੇ ਤੋਂ ਆਰ ਪਾਰ,

ਤੇਰੇ ਜਿਹਾ ਏ ਹੋਰ ਵੀ ਸ਼ੀਸ਼ੇ ਨੂੰ ਧੋ ਕੇ ਵੇਖ।


5.


ਅੱਜ ਸੂਲੀਆਂ ਦੇ ਸ਼ਹਿਰ ਹੈ ਰੌਣਕ ਗਲੀ ਗਲੀ।

ਖੱਫਣ ਹੈ ਸੀਸ ਸੀਸ ਤੇ, ਸਿਰ ਹੈ ਤਲੀ ਤਲੀ।


ਸੁੱਟੀ ਜੋ ਰਮਜ਼ ਰੁੱਤ ਨੇ, ਹੈ ਕਿੰਨੀ ਭਲੀ ਭਲੀ,

ਗਲ਼ ਨਾਲ ਲਾ ਕੇ ਭੌਰ ਨੂੰ, ਖ਼ੁਸ਼ ਹੈ ਕਲੀ ਕਲੀ।


ਦੀਵਾ ਸੱਜਣ ਦੀ ਯਾਦ ਦਾ ਬੁਝਿਆ ਨਾ ਰਾਤ ਭਰ,

ਰੌਸ਼ਨ ਰਹੀ ਸਵੇਰ ਤੱਕ ਦਿਲ ਦੀ ਗਲੀ ਗਲੀ।


ਮਰਦੀ ਸੀ ਕੱਲ੍ਹ ਜੋ ਨਾਲ, ਪਰਾਇਆਂ ਦੇ ਟੁਰ ਗਈ,

ਲੋਹੇ ਦੀ ਕੰਧ ਜਾ ਪਈ ਭੁੰਜੇ ਖਲੀ ਖਲੀ।


ਡਿੱਠੇ ਦਿਲਾਂ ਦੇ ਦੀਪ ਜਦ ਕਰਦੇ ਬੁਝੂੰ ਬੁਝੂੰ,

ਵੰਡੀ ਲਹੂ ਦੀ ਅੱਗ ਅਸਾਂ, ਸਭ ਨੂੰ ਪਲੀ ਪਲੀ।


ਉਸ ਦਾ ਬਦਨ ਬਦਨ ਸੀ ਜਾਂ ਭਾਂਬੜ ਸੀ ਰੂਪ ਦਾ,

ਜਾਪੇ ਅਜੇ ਵੀ ਹੱਥ ਦੀ ਹਰ ਉਂਗਲ ਬਲ਼ੀ ਬਲ਼ੀ।


ਨੈਣਾਂ ‘ਚ ਨੂਰ ਦਾ ਡਲਾ ਹੱਸਦੀ ਨੇ ਭੰਨ ਲਿਆ,

ਮੇਰੀ ਨਜ਼ਰ ਨੂੰ ਪੈ ਗਈ ਚੁਗਣੀ ਡਲੀ ਡਲੀ।


ਕੁੱਕੜ ਦੀ ਪਹਿਲੀ ਬਾਂਗ ਨੇ ਵਰਜੀ ਉਦ੍ਹੀ ਉਡੀਕ,

ਹੁਣ ਤਕ ਬਲ਼ਾ ਜੋ ਸਿਰ ਤੋਂ ਨਹੀਂ ਸੀ ਟਲ਼ੀ ਟਲ਼ੀ।

Top