Logo
Header
img

ਅਗਾਂਹਵਧੂ ਲੇਖਕ ਸਃ ਮਹਿੰਦਰ ਸਿੰਘ ਦੋਸਾਂਝ ਨੂੰ ਸਃ ਪ੍ਰੀਤਮ ਸਿੰਘ ਬਾਸੀ ਪੁਰਸਕਾਰ 19 ਮਾਰਚ ਨੂੰ ਲੁਧਿਆਣਾ ਵਿੱਚ ਦਿੱਤ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਕੈਨੇਡਾ ਵੱਸਦੇ ਪੰਜਾਬੀ ਕਵੀ ਮੰਗਾ ਸਿੰਘ ਬਾਸੀ ਦੇ ਸਤਿਕਾਰਤ ਪਿਤਾ ਜੀ ਦੀ ਯਾਦ ਵਿੱਚ ਸਥਾਪਿਤ ਪੁਰਸਕਾਰ ਇਸ ਸਾਲ ਉੱਘੇ ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਸਃ ਮਹਿੰਦਰ ਸਿੰਘ ਦੋਸਾਂਝ ਨੂੰ 19 ਮਾਰਚ ਸਵੇਰੇ 11ਵਜੇ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਟ ਐਂਡ ਟੈਕਨਾਲੋਜੀ ਸਿਵਿਲ ਲਾਈਨਜ਼ ਲੁਧਿਆਣਾ ਵਿਖੇ ਪ੍ਰਦਾਨ ਕੀਤਾ ਜਾਵੇਗਾ।

ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ. ਵਰਿਆਮ ਸਿੰਘ ਸੰਧੂ, ਵਿਸ਼ੇਸ਼ ਮਹਿਮਾਨ ਵਜੋਂ ਰਵਿੰਦਰ ਸਹਿਰਾਅ ਸ਼ਾਮਲ ਹੋਣਗੇ ਜਦ ਕਿ  ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ ਕਰਨਗੇ। ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਜੌਹਲ ਸ. ਮਹਿੰਦਰ ਸਿੰਘ ਦੋਸਾਂਝ ਦੀ ਸਾਹਿੱਤ ਰਚਨਾ ਤੇ ਸ਼ਖਸੀਅਤ ਬਾਰੇ ਜਾਣ ਪਛਾਣ ਕਰਵਾਉਣਗੇ।

ਇਸ ਪੁਰਸਕਾਰ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ 51ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਲਾਵਾ ਸਨਮਾਨ ਪੱਤਰ ਤੇ ਦੋਸ਼ਾਲਾ ਭੇਂਟ ਕੀਤਾ ਜਾਵੇਗਾ।

ਇਸ ਤੋਂ ਪਹਿਲਾਂ ਇਹ ਪੁਰਸਕਾਰ 6ਸ਼ਖਸੀਅਤਾਂ ਨੂੰ ਪ੍ਰਦਾਨ ਕੀਤਾ ਜਾ ਚੁਕਾ ਹੈ।

ਮਹਿੰਦਰ ਸਿੰਘ ਦੋਸਾਂਝ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ  ਨੇ ਦੱਸਿਆ ਕਿ 1940 ਵਿੱਚ ਜਗਤਪੁਰ(ਨਵਾਂ ਸ਼ਹਿਰ) ਵਿੱਚ ਜਨਮੇ ਸ. ਦੋਸਾਂਝ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੇ ਗੂੜ੍ਹ ਗਿਆਤਾ ਹਨ। ਸਾਹਿੱਤ ਸਿਰਜਣਾ ਦੇ ਨਾਲ ਨਾਲ ਆਪ ਨੂੰ ਖੇਤੀਬਾੜੀ ਖੋਜ ਨਾਲ ਸਬੰਧਿਤ ਅਦਾਰਿਆਂ ਦੀਆਂ ਕਮੇਟੀਆਂ ਤੇ ਸੰਸਥਾਵਾਂ ਦੀ ਮੈਂਬਰਸ਼ਿਪ ਵੀ ਹਾਸਲ ਹੈ।

ਸ. ਦੋਸਾਂਝ ਦੀਆਂ ਮੌਲਿਕ ਰਚਨਾਵਾਂ ਵਿੱਚ ਦਿਸ਼ਾ (ਮੌਲਿਕ ਕਾਵਿ ਸੰਗ੍ਰਹਿ, 1972) ਕਿਰਤ ਨਾਲ ਜੁੜੇ ਰਿਸ਼ਤੇ (ਮੌਲਿਕ ਕਹਾਣੀ ਸੰਗ੍ਰਹਿ, 1984), ਰੌਸ਼ਨੀ ਦੀ ਭਾਲ (ਮੌਲਿਕ ਕਾਵਿ ਸੰਗ੍ਰਹਿ, 1998) ਤੇ ਯਾਦਾਂ ਪਾਕਿਸਤਾਨ ਦੀਆਂ ( ਸਫਰਨਾਮਾ) ਪ੍ਰਮੁੱਖ ਹਨ।

ਸਃ ਮਹਿੰਦਰ ਸਿੰਘ ਦੋਸਾਂਝ ਨੇ ਸਾਹਿੱਤ, ਸਿੱਖਿਆ ਸਮਾਜ ਕਲਿਆਣ ਤੇ ਦਿਹਾਤੀ ਵਿਕਾਸ ਦੇ ਖੇਤਰ ਵਿਚ 1960 ਵਿਚ ਲਿਖਾਰੀ ਸਭਾ ਜਗਤਪੁਰ ਦੀ ਸਥਾਪਨਾ ਕੀਤੀ। ਇਲਾਕੇ ਦੇ ਲਗਪਗ 10 ਪਿੰਡਾਂ ਲਈ ਪੁਸਤਕਾਂ ਦੇ ਪ੍ਰਬੰਧ ਕਰਕੇ ਪੇਂਡੂ ਸਾਹਿੱਤਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ।

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਡਾਇਰੈਕਟਰ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਦੱਸਿਆ ਕਿ ਸਃ ਮਹਿੰਦਰ ਸਿੰਘ ਦੋਸਾਂਝ ਸਿਰਫ਼ ਲੇਖਕ ਤੇ ਕਿਸਾਨ ਹੀ ਨਹੀ ਹਨ ਸਗੋਂ 1975 ਤੋਂ ਹੁਣ ਤੱਕ ਇਲਾਕੇ ਦੇ ਲਗਪਗ 7 ਉੱਘੇ ਨਗਰਾਂ ਵਿਚ ਲੇਖਕਾਂ ਤੇ ਪਾਠਕਾਂ ਨੂੰ ਉਤਸਾਹਿਤ ਕਰਕੇ ਸਾਹਿੱਤ ਸਭਾਵਾਂ ਚਾਲੂ ਕਰਵਾਈਆਂ।ਪੰਜਾਬ ਵਿੱਚ ਅੱਤਵਾਦ ਦੇ ਦਿਨਾਂ ਵਿਚ ਸੰਨ 1985 ਤੋਂ 1995 ਤੱਕ ਇਲਾਕੇ ’ਚ ਅਮਨ ਏਕਤਾ ਕਮੇਟੀਆਂ ਕਾਇਮ ਕਰਕੇ ਅਮਨ ਤੇ ਏਕਤਾ ਦੀ ਲੋੜ ਲਈ ਅੱਗੇ ਹੋ ਕੇ ਕੰਮ ਕੀਤਾ। ਸਃ ਦੋਸਾਂਝ ਨੇ ਇਲਾਕੇ ’ਚ ਬਿਰਛ ਬੂਟੇ ਲਵਾਉਣ ਲਈ ਵੀ ਸਫ਼ਲ ਮੁਹਿੰਮ ਚਲਾਈ।ਲਗਪਗ 10 ਵਿਧਵਾਂ ਇਸਤਰੀਆਂ ਨੂੰ ਬੈਂਕਾਂ ਤੋਂ ਕਰਜ਼ੇ ਦਵਾ ਕੇ ਰੁਜ਼ਗਾਰ ਪੱਖੋਂ ਪੱਕੇ ਪੈਰਾਂ ’ਤੇ ਖੜ੍ਹੇ ਕੀਤਾ। ਕੀਤਾ।

ਸ. ਦੋਸਾਂਝ ਦੇ ਨਿਕਟਵਰਤੀ ਮਿੱਤਰ ਤੇ ਉੱਘੇ ਕਹਾਣੀਕਾਰ ਬਲਦੇਵ ਸਿੰਘ ਢੀਂਡਸਾ ਵੇ ਦੱਸਿਆ ਕਿ ਦੋਸਾਂਝ ਜੀ ਨੇ ਪਿੰਡ ’ਚ 30 ਸਾਲ ਪਹਿਲਾਂ ਆਪਣੇ ਪਿੰਡ ਜਗਤਪੁਰ ਵਿੱਚ ਬਾਲਗ ਸਿੱਖਿਆ ਕੇਂਦਰ ਚਲਾ ਕੇ ਬਿਰਧ ਬੀਬੀਆਂ ਨੂੰ ਵੀ ਸਿੱਖਿਆ ਪ੍ਰਦਾਨ ਕੀਤੀ। ਅਨੇਕਾ ਆਸਰਾਹੀਣ ਬਜ਼ੁਰਗਾਂ ਦੀ ਸਹਾਇਤਾ ਕੀਤੀ ਤੇ ਕਈ ਉਹਨਾਂ ਗਰੀਬ ਬੱਚਿਆਂ ਨੂੰ ਜੋ ਕਿਸੇ ਕਾਰਨ ਸਕੂਲਾਂ ਵਿਚ ਨਹੀਂ ਜਾਂਦੇ ਹਨ, ਨੂੰ ਲੋੜੀਂਦੀ ਮਦਦ ਤੇ ਉਤਸ਼ਾਹ ਦੇ ਕੇ ਸਕੂਲਾਂ ਵਿੱਚ ਦਾਖ਼ਲ ਕਰਵਾਇਆ। ਦੋ ਗਰੀਬ ਤੇ ਬੇਸਹਾਰਾ ਪਰਿਵਾਰਾਂ ਨੂੰ ਜੋ ਬਾਹੂਬਲੀਆਂ  ਦੇ ਧੱਕੇ ਦਾ ਸ਼ਿਕਾਰ ਹੋ ਗਏ ਸਨ ਨੂੰ ਉਠਾਲ ਕੇ ਖੜ੍ਹੇ ਕੀਤਾ ਤੇ ਹਰ ਤਰ੍ਹਾਂ ਦਾ ਸਹਿਯੋਗ ਦੇ ਕੇ ਉਹਨਾਂ ਨੁੰ ਮੁੜ ਖ਼ੁਬਸੂਰਤ ਜੀਵਨ ਨਾਲ ਜੋੜਿਆ ਤੇ ਸਮਾਜ ਵਿਚ ਉਹਨਾਂ ਦੇ ਸਵੈ ਸਨਮਾਨ ਨੂੰ ਬਹਾਲ ਕੀਤਾ।


Top