Logo
Header
img

ਐਮਪੀ ਅਰੋੜਾ ਨੇ ਗੁਰੂਕੁਲ ਅਤੇ ਕਾਊ ਬਰੀਡਿੰਗ ਇੰਸਟੀਚਿਊਟ ਦੀ ਨੀਂਹ ਰੱਖੀ

ਸ਼੍ਰੀ ਸ਼੍ਰੀ 108 ਸ਼੍ਰੀ ਮਹੰਤ ਰਾਮੇਸ਼ਵਰ ਦਾਸ ਤਿਆਗੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਮੰਗਲਵਾਰ ਨੂੰ ਨਜ਼ਦੀਕੀ ਪਿੰਡ ਸਰਾਭਾ ਵਿਖੇ ਸ਼੍ਰੀ ਰਾਮਾਨੰਦੀ ਮਾਂ ਸ਼ਾਰਦਾ ਵਿਦਿਆਪੀਠ ਗੁਰੂਕੁਲ ਅਤੇ ਕਾਊ ਬਰੀਡਿੰਗ ਐਂਡ ਰਿਸਰਚ ਇੰਸਟੀਚਿਊਟ ਦਾ ਨੀਂਹ ਪੱਥਰ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਮੁੱਖ ਮਹਿਮਾਨ ਸਨ। ਉਨ੍ਹਾਂ ਆਪਣੇ ਸੰਬੋਧਨ ਵਿੱਚ ਨੋਬਲ ਫਾਊਂਡੇਸ਼ਨ, ਇੱਕ ਐਨਜੀਓ ਅਤੇ ਇਸ ਦੇ ਸੰਸਥਾਪਕ ਰਜਿੰਦਰ ਸ਼ਰਮਾ ਦੀ ਸਮਾਜ ਦੀ ਭਲਾਈ ਅਤੇ ਨੇਕ ਕਾਰਜ ਲਈ ਸੰਸਥਾ ਦੀ ਸਥਾਪਨਾ ਲਈ ਪਹਿਲਕਦਮੀ ਕਰਨ ਲਈ ਬਹੁਤ ਸ਼ਲਾਘਾ ਕੀਤੀ। ਉਨ੍ਹਾਂ ਨੇ ਗੁਰੂਕੁਲ ਅਤੇ ਕਾਊ ਬਰੀਡਿੰਗ ਦੇ ਮਹੱਤਵ 'ਤੇ ਵਿਸ਼ੇਸ਼ ਤੌਰ 'ਤੇ ਅਜੋਕੇ ਹਾਲਾਤ 'ਚ ਚਰਚਾ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਇੱਕ ਵਾਰ ਪੂਰਾ ਹੋਣ ਤੋਂ ਬਾਅਦ ਹੋਰਨਾਂ ਲਈ ਪ੍ਰੇਰਨਾ ਸਰੋਤ ਬਣੇਗਾ। ਉਨ੍ਹਾਂ ਕਿਹਾ ਕਿ ਸਮਾਜ ਦੇ ਵਾਂਝੇ ਵਰਗ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਗੁਰੂਕੁਲ ਦੀ ਸਥਾਪਨਾ ਕਰਨ ਦੀ ਲੋੜ ਹੈ। ਅਰੋੜਾ ਨੇ ਪ੍ਰਾਜੈਕਟ ਲਈ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਲੁਧਿਆਣਾ ਦੇ ਸਨਅਤਕਾਰਾਂ ਵੱਲੋਂ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਵੀ ਸ਼ਲਾਘਾ ਕੀਤੀ। ਇਹ ਸੰਸਥਾ 21 ਏਕੜ ਜ਼ਮੀਨ ਵਿੱਚ ਸਥਾਪਿਤ ਕੀਤੀ ਜਾ ਰਹੀ ਹੈ। ਇਹ ਪੂਰੇ ਖੇਤਰ ਵਿੱਚ ਇੱਕ ਵਿਲੱਖਣ ਸੰਸਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਨੋਬਲ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸਕੂਲ ਚਲਾਏ ਜਾ ਰਹੇ ਹਨ ਜਿੱਥੇ 17,500 ਦੇ ਕਰੀਬ ਬੱਚੇ ਪ੍ਰਾਇਮਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ ਇਸ ਪ੍ਰਾਜੈਕਟ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਗੈਰ ਸਰਕਾਰੀ ਸੰਗਠਨ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਲਈ ਹਮੇਸ਼ਾ ਤਿਆਰ ਹਨ। ਇਸ ਮੌਕੇ ਚੀਫ਼ ਇਨਕਮ ਟੈਕਸ ਕਮਿਸ਼ਨਰ (ਸੇਵਾਮੁਕਤ) ਬਿਨੈ ਕੁਮਾਰ ਝਾਅ ਨੇ ਇਸ ਪ੍ਰੋਜੈਕਟ ਬਾਰੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂਕੁਲ ਦੀ ਸਥਾਪਨਾ ਦਾ ਉਦੇਸ਼ ਸਮਾਜ ਦੇ ਕਮਜ਼ੋਰ ਵਰਗ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਵੈ - ਨਿਰਭਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂਕੁਲ ਦੇ ਵਿਦਿਆਰਥੀਆਂ ਨੂੰ ਬਾਰ੍ਹਵੀਂ ਜਮਾਤ ਤੱਕ ਵਿੱਦਿਅਕ ਸਿੱਖਿਆ ਦੇਣ ਤੋਂ ਇਲਾਵਾ ਵੱਖ-ਵੱਖ ਹੁਨਰਾਂ ਦੀ ਸਿਖਲਾਈ ਦਿੱਤੀ ਜਾਵੇਗੀ। ਝਾਅ ਨੇ ਇਸ ਪ੍ਰੋਜੈਕਟ ਲਈ ਵਿੱਤੀ ਮਦਦ ਦੇਣ ਲਈ ਅਰੋੜਾ ਅਤੇ ਹੋਰ ਪਰਉਪਕਾਰੀ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਰਾਸ਼ਟਰ ਨਿਰਮਾਣ ਵਿੱਚ ਅਰੋੜਾ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਰੋੜਾ ਸੰਸਦ ਮੈਂਬਰ ਹੋਣ ਦੇ ਨਾਲ-ਨਾਲ ਕਈ ਸਮਾਜਿਕ ਕਾਰਜ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਅਰੋੜਾ ਕੈਂਸਰ ਦੇ ਮਰੀਜ਼ਾਂ ਦੀ ਮਦਦ ਲਈ ਐਨ.ਜੀ.ਓ ਚਲਾ ਰਹੇ ਹਨ। ਰਜਿੰਦਰ ਸ਼ਰਮਾ ਨੇ ਨੋਬਲ ਫਾਊਂਡੇਸ਼ਨ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪ੍ਰਾਪਤੀਆਂ ਸ਼ਹਿਰ ਦੇ ਸਨਅਤਕਾਰਾਂ ਵੱਲੋਂ ਖੁੱਲ੍ਹੇ ਦਿਲ ਨਾਲ ਦਿੱਤੇ ਦਾਨ ਸਦਕਾ ਹੀ ਸੰਭਵ ਹੋਈਆਂ ਹਨ। ਸੰਸਥਾ ਦੇ ਨੀਂਹ ਪੱਥਰ ਸਮਾਗਮ ਤੋਂ ਪਹਿਲਾਂ ਜਿੱਥੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਉੱਥੇ ਸ਼੍ਰੀ ਸ਼੍ਰੀ 108 ਸ਼੍ਰੀ ਮਹੰਤ ਰਾਮੇਸ਼ਵਰ ਦਾਸ ਤਿਆਗੀ ਜੀ ਮਹਾਰਾਜ ਨੇ ਪਿੰਡ ਦੇ ਇਤਿਹਾਸ ਅਤੇ ਮੰਦਰ ਦੀ 800 ਸਾਲ ਪੁਰਾਣੀ ਮੂਰਤੀ ਬਾਰੇ ਦੱਸਿਆ। ਹੇਮੰਤ ਸੂਦ (ਫਿੰਡੋਕ), ਕੇਐਨਐਸ ਕੰਗ, ਨੀਨਾ ਗੁਪਤਾ, ਪ੍ਰਿਅੰਕਾ ਮੇਹਤਾਨੀ, ਵਿਜੇ ਮੇਹਤਾਨੀ, ਰਾਜ ਕੁਮਾਰ ਜੇਤਵਾਨੀ, ਮਹੇਸ਼ ਮਿੱਤਲ, ਅਵਿਨਾਸ਼ ਗੁਪਤਾ, ਉਮੇਸ਼ ਮੁੰਜਾਲ, ਰਜਨੀਸ਼ ਆਹੂਜਾ, ਜਗਦੀਸ਼ ਸਿੰਘ ਬੋਪਾਰਾਏ ਅਤੇ ਅਰਚਨਾ ਸ਼ਰਮਾ ਸਮੇਤ ਕਈ ਸਮਾਜ ਸੇਵੀ, ਉੱਘੇ ਪਿੰਡ ਵਾਸੀ ਅਤੇ ਐਨ.ਜੀ.ਓ ਦੇ ਵਰਕਰ, ਸਮਰਥਕ ਅਤੇ ਪਰਉਪਕਾਰੀ ਹਾਜ਼ਰ ਸਨ ਜਿਨ੍ਹਾਂ ਦਾ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਨੇ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ।
Top