Logo
Header
img

ਲਲਕਾਰ ਵਾਲੇ ਸੂਰਮੇ ਸ਼ਾਇਰ ਜਰਨੈਲ ਸਿੰਘ ਅਰਸ਼ੀ ਨੂੰ ਯਾਦ ਕਰਦਿਆਂ - ਗੁਰਭਜਨ ਸਿੰਘ ਗਿੱਲ

ਕੁਝ ਸਾਲ ਪਹਿਲਾਂ ਜੇ ਪੰਜਾਬੀ ਸਾਹਿੱਤ ਸਭਾ ਕੋਲਕਾਤਾ ਵੱਲੋਂ ਮੈਨੂੰ ਜਰਨੈਲ ਸਿੰਘ ਅਰਸ਼ੀ ਯਾਦਗਾਰੀ ਪੰਜਾਬੀ ਇੰਟਰ ਸਕੂਲ ਕਵਿਤਾ ਉਚਾਰਣ ਮੁਕਾਬਲਿਆਂ ਦਾ ਸੱਦਾ ਪੱਤਰ ਨਾ ਮਿਲਦਾ ਤਾਂ ਸੱਚ ਮੰਨਿਉਂ, ਮੈਨੂੰ ਚਿੱਤ ਚੇਤਾ ਹੀ ਨਹੀਂ ਸੀ ਆਉਣਾ ਕਿ ਇਸ ਸੂਰਮੇ ਕਵੀ ਨੂੰ ਚੇਤੇ ਕਰਨਾ ਬਣਦਾ ਹੈ।
ਲਲਕਾਰ ਸਪਤਾਹਿਕ ਅਖ਼ਬਾਰ ਦੇ ਬਾਨੀ ਸੰਪਾਦਕ ਰਹੇ ਜਰਨੈਲ ਸਿੰਘ ਅਰਸ਼ੀ ਜੀ ਦਾ ਮੇਰੇ ਜੀਵਨ ਚ ਬੜਾ ਅਹਿਮ ਯੋਗਦਾਨ ਹੈ। ਉਨ੍ਹਾਂ ਦੀ ਕਾਵਿ ਪੁਸਤਕ ਲਲਕਾਰ ਜਦ ਯੁਵਕ ਕੇਂਦਰ ਜਲੰਧਰ ਨੇ ਪ੍ਰਥਮ ਪ੍ਰਕਾਸ਼ਨ ਤੋਂ ਲੰਮੇ ਵਕਫ਼ੇ ਬਾਦ ਛਾਪੀ ਤਾਂ ਮੈਨੂੰ ਪੜ੍ਹਨ ਦਾ ਸੁਭਾਗ ਮਿਲਿਆ। ਸ਼ਾਇਦ 1968-69 ਦੀ ਗੱਲ ਹੈ।
ਇਸ ਕਿਤਾਬ ਦਾ ਮੁੱਖ ਬੰਦ ਪ੍ਰੋ: ਮੋਹਨ ਸਿੰਘ ਜੀ ਦਾ ਲਿਖਿਆ ਹੋਇਆ ਸੀ।
ਵੱਡੀ ਪ੍ਰਤਿਭਾ ਹੋਣ ਦੀ ਗਵਾਹੀ ਦਿੱਤੀ ਸੀ।
ਉਸ ਕਾਵਿ ਸੰਗ੍ਰਹਿ ਦੇ ਅੰਤਲੇ ਪੰਨੇ ਤੇ ਅਰਸ਼ੀ ਜੀ ਦੀ ਤਸਵੀਰ ਹੇਠ ਇੱਕ ਕਾਵਿ ਟੂਕ ਸੀ।

ਜਿੱਥੇ ਚੜ੍ਹਦੀ ਜਵਾਨੀ ਨੂੰ ਅੱਗ ਲੱਗੀ,
ਮੈਨੂੰ ਸਤਿਲੁਜ ਦੇ ਓਸ ਕਿਨਾਰੇ ਦੀ ਸਹੁੰ।

ਜਿੱਥੇ ਖ਼ੂਨ ਦੇ ਵਿੱਚ ਬਹਾਰ ਡੁੱਬੀ,
ਜੱਲ੍ਹਿਆਂ ਵਾਲੇ ਦੇ ਓਸ ਨਜ਼ਾਰੇ ਦੀ ਸਹੁੰ।

ਜਿੰਨੀ ਦੇਰ ਨਹੀਂ ਦੇਸ਼ ਖੁਸ਼ਹਾਲ ਹੁੰਦਾ,
ਰਹੂ ਗੂੰਜਦੀ ਇਹੋ ਲਲਕਾਰ ਮੇਰੀ।

ਛਾਂਗ ਦਿਆਂਗਾ ਦੇਸ਼ ਦੇ ਦੁਸ਼ਮਣਾਂ ਨੂੰ,
ਕਲਮ ਨਹੀਂ ਇਹ ਜਾਣ ਤਲਵਾਰ ਮੇਰੀ।

ਇਸ ਕਿਤਾਬ ਦੇ ਪਹਿਲੇ ਪੰਨਿਆਂ ਤੋਂ ਹੀ ਪਤਾ ਲੱਗਾ ਕਿ ਅਰਸ਼ੀ ਜੀ ਆਪਣੇ ਅਖ਼ਬਾਰ ਚ ਬੜੀਆਂ ਤਿੱਖੀਆਂ ਟਿਪਣੀਆਂ ਕਰਿਆ ਕਰਦੇ ਸਨ।
ਸਿਆਸੀ ਆਰਾਂ ਲਾਉਣ ਚ ਕਮਾਲ ਸਨ। ਸਿਆਸਤਦਾਨ ਤੜਫ਼ ਉੱਠਦੇ।
ਪਤਲਚੰਮੇ ਸਨ ਉਦੋਂ ਵਾਲੇ ਸਿਆਸਤਦਾਨ।
ਹੁਣ ਵਾਂਗ ਮੋਟੇ ਚੰਮ ਵਾਲੇ ਨਹੀਂ।
ਲਲਕਾਰ ਦਾ ਲੁਧਿਆਣਾ ਚ ਘੰਟਾਘਰ ਨੇੜੇ ਦਫ਼ਤਰ ਸੀ। ਇਥੇ ਹੀ ਚੌਂਕ ‘ਚ ਲਾਹੌਰ ਬੁੱਕ ਸ਼ਾਪ ਸੀ। ਗਿਆਨੀ ਵਰਿਆਮ ਸਿੰਘ ਮਸਤ ਦਾ ਗਿਆਨੀ ਕਾਲਿਜ ਸੀ, ਜਿੱਥੋਂ ਸੰਤੋਖ ਸਿੰਘ ਧੀਰ ਸਮੇਤ ਬਹੁਤ ਲਿਖਾਰੀਆਂ ਨੇ ਗਿਆਨੀ ਪਾਸ ਕੀਤੀ ਸੀ।ਜਰਨੈਲ ਸਿੰਘ ਅਰਸ਼ੀ ਦਾ ਗਿਆਨੀ ਕਾਲਿਜ ਵੀ ਇਨਕਲਾਬੀ ਸੋਚ ਧਾਰਾ ਦੇ ਕਵੀਆਂ ਦਾ ਟਿਕਾਣਾ ਸੀ। ਅਜਾਇਬ ਚਿਤਰਕਾਰ, ਸੁਰਜੀਤ ਰਾਮਪੁਰੀ,ਗੁਰਚਰਨ ਰਾਮਪੁਰੀ,ਸੰਤੋਖ ਸਿੰਘ ਧੀਰ, ਸੱਜਣ ਗਰੇਵਾਲ, ਕ੍ਰਿਸ਼ਨ ਅਦੀਬ, ਮਦਨ ਲਾਲ ਦੀਦੀ ਦਾ ਪੱਕਾ ਫੇਰਾ ਪੈਂਦਾ। ਕਦੇ ਕਦਾਈਂ ਸਿਰਕੱਢ ਕਵੀ ਗੁਰਦੇਵ ਸਿੰਘ ਮਾਨ ਵੀ ਗੇੜੀ ਲਾ ਜਾਂਦੇ। ਚੇਤੇ ਆਇਆ ਮੈਨੂੰ ਕਿ ਗੁਰਦੇਵ ਸਿੰਘ ਮਾਨ ਤੇ ਜਰਨੈਲ ਸਿੰਘ ਅਰਸ਼ੀ ਨੇ ਹੀ 1948 ਵਿੱਚ ਪਹਿਲੀ ਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਬਰਸੀ ਮਨਾਈ ਸੀ। 1947ਦੇ ਉਜਾੜੇ ਮਗਰੋਂ ਬਾਰ ‘ਚੋਂ ਉੱਜੜ ਕੇ ਆਏ ਮਾਨ ਪਰਿਵਾਰ ਦੀ ਕੱਚੀ ਅਲਾਟਮੈਂਟ ਸਰਾਭਾ ਪਿੰਡ ਵਿੱਚ ਹੀ ਹੋਈ ਸੀ। ਕੁਝ ਸਾਲਾਂ ਬਾਦ ਉਹ ਭੂਮਸੀ(ਮਲੇਰਕੋਟਲਾ) ਜਾ ਵੱਸੇ।
ਜਰਨੈਲ ਸਿੰਘ ਅਰਸ਼ੀ ਦਾ ਇੱਕ ਕਹਾਣੀ ਸੰਗ੍ਰਹਿ ਹੱਡ ਬੀਤੀਆਂ ਵੀ ਛਪਿਆ ਸੀ , ਪਰ ਹੁਣ ਪਿਛਲੇ ਸਾਲ ਹੀ ਲਿਖਾਰੀ ਸਭਾ ਰਾਮਪੁਰ(ਲੁਧਿਆਣਾ) ਦੇ ਸਰਪ੍ਰਸਤ ਕਹਾਣੀਕਾਰ ਸੁਰਿੰਦਰ ਰਾਮਪੁਰੀ ਰਾਹੀ ਮੇਰੇ ਹੱਥ ਲੱਗਾ ਹੈ। ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚ ਇਹ ਹੁਣ ਵੀ ਮੌਲਿਕ ਰੂਪ ਵਿੱਚ ਸੁਭਾਇਮਾਨ ਹੈ।
1971 ਚ ਜਦ ਮੈਂ ਲੁਧਿਆਣੇ ਜੀ ਜੀ ਐੱਨ ਖਾਲਸਾ ਕਾਲਿਜ ਚ ਪੜ੍ਹਨ ਲੱਗਾ ਤਾਂ ਦੋ ਕੁ ਸਾਲ ਬਾਦ ਨਾਰੰਗਵਾਲ ਕਾਲਿਜ ਦੇ ਦੋ ਵਿਦਿਆਰਥੀ ਆਗੂ ਸਾਡੇ ਕਾਲਿਜ ਚ ਦਾਖਲ ਹੋਏ। ਗੋਪਾਲਪੁਰ ਵਾਲਾ ਦਰਸ਼ਨ ਤੇ ਰਛੀਨ ਵਾਲਾ ਇਕਬਾਲ।
ਪਤਾ ਲੱਗਾ ਕਿ ਇਕਬਾਲ ਇਨਕਲਾਬੀ ਪੰਜਾਬੀ ਕਵੀ ਸ੍ਵ. ਜਰਨੈਲ ਸਿੰਘ ਅਰਸ਼ੀ ਦਾ ਵੱਡਾ ਸਪੁੱਤਰ ਹੈ। ਉਹ ਸਾਹਿੱਤ ਰਸੀਆ ਨਹੀਂ ਸੀ, ਪਰ ਸਾਡਾ ਸੱਜਣ ਸੀ ਕਿਉਂਕਿ ਮੇਰੇ ਵੱਡੇ ਭਾ ਜੀ ਪ੍ਰੋ: ਜਸਵੰਤ ਸਿੰਘ ਗਿੱਲ ਕੋਲ ਅਕਸਰ ਕਿਸੇ ਨਾ ਕਿਸੇ ਮਸਲੇ ਤੇ ਵਿਚਾਰ ਵਟਾਂਦਰਾ ਕਰਨ ਆਉਂਦਾ ਰਹਿੰਦਾ ਸੀ। ਇਹ ਜੋੜਾ ਕੌਮੀ ਲਹਿਰ ਮੈਗਜ਼ੀਨ ਦੇ ਸੰਪਾਦਕ ਹਰਭਜਨ ਸਿੰਘ ਲੋਹਗੜ੍ਹ ਦਾ ਵਿਸ਼ਵਾਸ ਪਾਤਰ ਸੀ। ਉਹ ਮੇਰੇ ਲਈ ਅਰਸ਼ੀ ਜੀ ਕਾਰਨ ਸਤਿਕਾਰ ਯੋਗ ਸੀ। ਸਾਡਾ ਵਿਦਿਆਰਥੀ ਆਗੂ ਵੀ ਸੀ ।
ਲੋਹਗੜ੍ਹ ਵਾਲੇ ਵੱਡੇ ਵੀਰ ਕਾਮਰੇਡ ਹਰਭਜਨ ਸਿੰਘ ਤੇ ਉਸ ਤੋਂ ਨਿੱਕੇ ਪ੍ਰੋ: ਹਰਦੇਵ ਸਿੰਘ ਗਰੇਵਾਲ ਤੋਂ ਪਤਾ ਲੱਗਾ ਕਿ ਅਰਸ਼ੀ ਜੀ ਦੇ ਮੈਗਜ਼ੀਨ ਲਲਕਾਰ ਦੇ ਸਾਰੇ ਅੰਕ ਲੋਹਗੜ੍ਹ ਪਏ ਹਨ।
ਮੈਂ ਉਹ ਸਾਰੇ ਅੰਕ ਮੰਗਵਾ ਕੇ ਪੜ੍ਹੇ।
ਲਲਕਾਰ ਤੇ ਲਿਖਿਆ ਹੁੰਦਾ ਸੀਃ

ਰੋਮ ਰੋਮ ਵਿਚ ਵਸਿਆ ਹੋਵੇ
ਜਿਨਾ ਦੇ ਦੇਸ਼ ਪਿਆਰ ।
ਖਫਣ ਬੰਨ੍ਹ ਸਿਰਾਂ ਦੇ ਉਤੇ
ਮਿਟਣ ਲਈ ਜੋ ਤਿਆਰ ।
ਦੁਖੀ ਦੇਸ਼ ਨੂੰ ਦੇਖ ਦੇਖ ਕੇ
ਅਣਖ ਜਿਨਾਂ ਦੀ ਮਚੇ-
ਉਨ੍ਹਾਂ ਜਿਉਂਦੇ ਦਿਲਾਂ ਲਈ ਹੈ,
ਮੇਰੀ ਇਹ ਲਲਕਾਰ।

ਇਹ ਸਤਰਾਂ ਸਾਹਿੱਤ ਤੇ ਸਮਾਂਕਾਲ ਦਾ ਸੁਮੇਲ ਸਨ।
ਲਲਕਾਰ ਵਿੱਚ ਵਿਚਾਰ ਉਤੇਜਕ ਲਿਖਤਾਂ ਸਨ, ਜਗਾਉਣ ਵਾਲੀਆਂ।
ਜਰਨੈਲ ਸਿੰਘ ਅਰਸ਼ੀ ਦੇ ਕਾਵਿ ਬੋਲਾਂ  ਨਾਲ ਹੀ ਗੱਲ ਸਮੇਟਾਂਗਾ।
ਲਲਕਾਰ ਚ ਬੜੀ ਪਿਆਰੀ ਕਵਿਤਾ ਹੈ ਗੁਰੂ ਨਾਨਕ ਦੇਵ ਜੀ ਬਾਰੇ।

ਤੇਰੇ ਜਨਮ ਦਿਹਾੜੇ ਉੱਤੇ,
ਲੋਕੀਂ ਕਹਿੰਦੇ ਆ ਜਾ ਨਾਨਕ।
ਦੀਦ ਪਿਆਸੇ ਨੈਣਾਂ ਤਾਈਂ,
ਮੁੜ ਕੇ ਦਰਸ ਦਿਖਾ ਜਾ ਨਾਨਕ।
ਪਰ ਮੈਂ ਕਹਿੰਨਾਂ ਏਸ ਦੇਸ਼ ਵਿੱਚ,
ਮੁੜ ਕੇ ਨਾ ਤੂੰ ਆਈਂ ਬਾਬਾ।
ਇਸ ਬੇੜੀ ਨੂੰ ਡੁੱਬ ਜਾਣ ਦੇ,
ਬੰਨੇ ਨਾ ਤੂੰ ਲਾਈਂ ਬਾਬਾ।

ਕੀ ਕਰੇਂਗਾ ਏਥੇ ਆ ਕੇ,
ਏਥੇ ਕੋਈ ਇਨਸਾਨ ਨੇ ਵੱਸਦੇ?
ਏਥੇ ਹਿੰਦੂ, ਸਿੱਖ, ਈਸਾਈ ,
ਏਥੇ ਮੁਸਲਮਾਨ ਨੇ ਵੱਸਦੇ।
ਝੂਠ ਵੀ ਬੋਲਣ , ਘੱਟ ਵੀ ਤੋਲਣ,
ਏਥੇ ਹੁਣ ਸ਼ੈਤਾਨ ਨੇ ਵੱਸਦੇ।

ਪੰਜਾ ਸੀ ਤੂੰ ਲਾਇਆ ਿਜੱਥੇ,
ਹੋ ਗਏ ਓਸ ਪੰਜਾਬ ਦੇ ਟੁਕੜੇ।
ਬਾਣੀ ਨਾਲ ਿਨਰੰਤਰ ਵੱਜਦੀ,
ਹੋ ਗਏ ਓਸ ਰਬਾਬ ਦੇ ਟੁਕੜੇ।

ਬਾਬਾ ਏਥੇ ਇੱਕ ਸਿਆਪਾ
ਚਾਰੇ ਪਾਸੇ ਉਲਝੀ ਤਾਣੀ।
ਟਾਟੇ ਬਾਟੇ ਬਿਰਲੇ ਸਾਰੇ,
ਹੁਣ ਭਾਗੋ ਦੇ ਬਣ ਗਏ ਹਾਣੀ।
ਜਰਨੈਲ ਸਿੰਘ ਅਰਸ਼ੀ ਦਾ ਜਨਮ 4 ਅਕਤੂਬਰ 1925 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਛੀਨ (ਨੇੜੇ ਮੰਡੀ ਅਹਿਮਦਗੜ੍ਹ)ਵਿਖੇ ਸ: ਹਰਨਾਮ ਸਿੰਘ ਥਿੰਦ ਦੇ ਘਰ ਮਾਤਾ ਧਨ ਕੌਰ ਦੀ ਕੁਖੋਂ ਹੋਇਆ।
ਲਾਹੌਰ ਚ ਸੁਭਾਸ਼ ਚੰਦਰ ਬੋਸ ਦਾ ਇਨਕਲਾਬੀ ਭਾਸ਼ਨ15 ਜੂਨ 1939 ਨੂੰ ਸੁਣ ਕੇ ਜਰਨੈਲ ਸਿੰਘ ਅਰਸ਼ੀ ਜੀ ਨੇ ਆਜ਼ਾਦੀ ਤੇ ਲੋਕ ਪੱਖੀ ਸੰਘਰਸ਼ ਦਾ ਰਾਹ ਚੁਣਿਆ।
ਇਨਕਲਾਬੀ ਸਰਗਰਮੀਆਂ ਕਾਰਨ ਉਸਨੂੰ ਅੰਗਰੇਜ਼ ਹਕੂਮਤ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਅੰਗਰੇਜ਼ਾਂ ਨੇ ਉਨ੍ਹਾਂ ਨੂੰ ਪਿੰਡ ਰਛੀਨ ਚ ਲੰਮਾ ਸਮਾਂ ਹਦੂਦਬੰਦ ਰੱਖਿਆ।
ਜ਼ਿੰਦਗੀ ਦਾ 1939 ਤੋਂ 1942 ਤੀਕ ਦਾ ਸਮਾਂ ਨੌਜਵਾਨ ਸਭਾ ਦੇ ਆਗੂ ਵਜੋਂ ਉਨ੍ਹਾਂ ਕਲਕੱਤੇ ਚ ਗੁਜ਼ਾਰਿਆ।
ਫਰੰਗੀ ਹਕੂਮਤ ਨੇ ਇਨ੍ਹਾਂ ਦੀਆਂ ਇਨਕਲਾਬੀ ਸਰਗਰਮੀਆਂ ਤੋਂ ਤਪ ਕੇ ਇਨ੍ਹਾਂ ਦੇ ਇੱਕ ਇਨਕਲਾਬੀ ਸਾਥੀ ਮਿਹਰ ਸਿੰਘ ਸਮੇਤ ਕਲਕੱਤਿਓ ਂ ਪੰਜਾਬ ਜਲਾਵਤਨ ਕਰ ਦਿੱਤਾ।
ਕਲਕੱਤੇ ਵੱਸਦੇ ਸਵਰਗੀ ਪੰਜਾਬੀ ਲੇਖਕ ਸ: ਹਰਦੇਵ ਸਿੰਘ ਗਰੇਵਾਲ ਜੀ ਸ: ਜਰਨੈਲ ਸਿੰਘ ਅਰਸ਼ੀ ਨੂੰ ਆਪਣਾ ਕਵੀ ਉਸਤਾਦ ਮੰਨਦੇ ਸਨ। ਉਨ੍ਹਾਂ ਦੇ ਉੱਦਮ ਨਾਲ ਹੀ ਹਰ ਸਾਲ ਜਰਨੈਲ ਸਿੰਘ ਅਰਸ਼ੀ ਜੀ ਦੇ ਨਾਮ ਤੇ ਕਲਕੱਤੇ ਵਿੱਚ ਕਾਵਿ ਚਿਰਾਗ ਬਲਦਾ ਹੈ।
ਸਾਡੀਆਂ ਸਾਹਿੱਤਕ ਸਭਿਆਚਾਰਕ ਸੰਸਥਾਵਾਂ ਨੂੰ ਵੀ ਇਹੋ ਜਹੇ ਨਾਇਕ ਸੂਰਮੇ ਕਵੀ ਚੇਤੇ ਕਰਨੇ ਚਾਹੀਦੇ ਹਨ।
ਕਲਕੱਤੇ ਤੋਂ ਸ: ਜਗਮੋਹਨ ਸਿੰਘ ਗਿੱਲ ਤੇ ਸਵਰਗੀ ਹਰਦੇਵ ਸਿੰਘ ਗਰੇਵਾਲ ਨੇ ਕੁਝ ਸਾਲ ਪਹਿਲਾਂ ਮੈਨੂੰ ਸਮਾਗਮ ਦਾ ਕਾਰਡ ਭੇਜਿਆ ਤਾਂ ਦਿਲ ਕੀਤਾ ਕਿ ਉਦਾਸ ਤਸਵੀਰ ਚ ਰੰਗ ਭਰਵਾਏ ਜਾਣ।
ਇਸ ਚੰਗੇ ਕਾਰਜ ਲਈ ਮੈਂ ਸ਼ੇਖੂਪੁਰਾ (ਪਾਕਿਸਤਾਨ)ਵੱਸਦੇ ਖੂਬਸੂਰਤ ਪੇਟਿੰਗ ਕਰਨ ਵਾਲੇ ਵੀਰ ਆਸਿਫ ਰਜ਼ਾ ਨੂੰ ਬੇਨਤੀ ਕੀਤੀ।
ਉਸ ਦੀ ਕਿਰਤ ਹੀ ਇਨ੍ਹਾਂ ਸ਼ਬਦਾਂ ਨਾਲ ਤੁਹਾਡੇ ਸਨਮੁਖ ਪੇਸ਼ ਹੈ। ਵੱਡੀ ਪੇਂਟਿੰਗ ਫੇਰ ਬਣਾਵਾਂਗੇ।
ਜਰਨੈਲ ਸਿੰਘ ਅਰਸ਼ੀ ਭਾਵੇਂ ਸਰੀਰਕ ਵਿਛੋੜਾ 14 ਜਨਵਰੀ 1951 ਨੂੰ ਟਾਈਫਾਈਡ ਵਿਗੜਨ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ ਪਰ ਕਾਵਿ ਜਲਵਾ ਅਜੇ ਵੀ ਦਗਦਾ, ਜਗਦਾ, ਮਘਦਾ ਅੱਜ ਵੀ ਸਾਡਾ ਰਾਹ ਰੁਸ਼ਨਾਉਂਦਾ ਹੈ।
ਪੇਸ਼ ਹਨ ਜਰਨੈਲ ਸਿੰਘ ਅਰਸ਼ੀ ਜੀ ਦੀਆਂ  ਦੋ  ਕਵਿਤਾਵਾਂ।

1.
ਖਾਲਸਾ ਪੰਥ ਨੂੰ

ਐ ਖਾਲਸਾ ਪੰਥ ! ਤੱਕ ਹਾਲ ਤੇਰਾ,
ਮੇਰੀ ਅੱਖੀਆਂ ਚੋਂ ਹੰਝੂ ਕਿਰਨ ਲਗ ਪਏ ।
ਤੈਨੂੰ ਕਿਸੇ ਦੇ ਆਸਰੇ ਵੇਖ ਜੀਂਦਾ,
ਚੜ੍ਹੇ ਹੌਸਲੇ ਵੀ ਸਗੋਂ ਗਿਰਨ ਲਗ ਪਏ ।
ਤੇਰੀ ਫੁੱਟ ਦੀਆਂ ਘੁੰਮਣ ਘੇਰੀਆਂ ਵਿਚ,
ਮੇਰੇ ਦਿਲ ਦੇ ਵਲਵਲੇ ਘਿਰਨ ਲਗ ਪਏ ।
ਪਿੱਛਾ ਤੱਕਿਆ ਤਾਂ ਤੇਰੇ ਕਾਰਨਾਮੇ,
ਬਣ ਕੇ ਫਿਲਮ ਅੱਖਾਂ ਅੱਗੇ ਫਿਰਨ ਲਗ ਪਏ ।

ਪਿਉ ਪੁੱਤ ‘ਸ਼ਾਹਬਾਜ਼’ ‘ਸੁਬੇਗ’ ਦੋਵੇਂ,
ਜਦੋਂ ਚੜ੍ਹ ਗਏ ਸੀ ਤਖਤ-ਦਾਰ ਉਤੇ ।
ਦੁਨੀਆਂ ਆਖਿਆ ਇਕ ਜ਼ਬਾਨ ਹੋ ਕੇ,
ਤੇਰੇ ਜਿਹਾ ਨਹੀਂ ਕੋਈ ਸੰਸਾਰ ਉਤੇ ।

ਤੇਰੀ ਸ਼ਾਨ ਲਈ ਚਰਖੜੀ ਲਏ ਝੂਟੇ,
ਹੱਸ ਹੱਸ ਕੇ ਤੇਰੇ ਸਿਪਾਹੀਆਂ ਨੇ ।
ਜਿਥੇ ਧਰਮ ਤੇ ਅਣਖ ਦੀ ਗੱਲ ਆਈ,
ਹਿੱਕਾਂ ਗੋਲੀਆਂ ਦੇ ਅੱਗੇ ਡਾਹੀਆਂ ਨੇ ।

ਤੇਰੀ ਚਮਕਦੀ ਸ਼ਾਨ ਦੇ ਚੰਨ ਉਤੇ,
ਜਿਨ੍ਹਾਂ ਜਿਨ੍ਹਾਂ ਵੀ ਅਖਾਂ ਲਗਾਈਆਂ ਨੇ ।
ਲੋਟ ਪੋਟ ਹੋ ਗਏ ਚਕੋਰ ਵਾਂਗ,
ਐਪਰ ਅਖੀਆਂ ਨਹੀਂ ਭਵਾਈਆਂ ਨੇ।

ਸਿਦਕ ਵੇਖ ਕੇ ਤੇ ਤੇਰੇ ਸਿਦਕੀਆਂ ਦਾ,
ਵਹਿੰਦੇ ਵਹਿਣ ਦਰਿਆਵਾਂ ਦੇ ਰੁੱਕਦੇ ਸਨ ।
ਤੇਰੇ ਰੋਅਬ ਦੀ ਜੁੱਤੀ ਦੀ ਨੋਕ ਉਤੇ,
ਹੈਂਕੜ ਵਾਲਿਆਂ ਦੇ ਸਿਰ ਝੁਕਦੇ ਸਨ ।

ਬੰਦ ਬੰਦ, ਜਾਂ ਕਿਸੇ ਦੇ ਕੱਟਦੇ ਸੀ,
‘ਸਿੱਖੀ ਧੰਨ ਹੈ’ ਵੈਰੀ ਵੀ ਕਹਿ ਰਹੇ ਸੀ ।
ਹੇਠਾਂ ਤੇਗ ਦੀ ਧਾਰ ਦੇ ਕੋਈ ਹੱਸਦਾ,
ਹੰਝੂ ਅੱਖ ਜਲਾਦ ਦੀ ਵਹਿ ਰਹੇ ਸੀ ।

ਆਰਾ ਰੱਖ ਕੇ ਕਿਸੇ ਦੇ ਸੀਸ ਉਤੇ,
ਦਰੜ ਦਰੜ ਜਦੋਂ ਚੀਰਨ ਡਹਿ ਰਹੇ ਸੀ।
ਅੱਗੋਂ ਵੇਖ ਕੇ ਸਿੱਖ ਦਾ ਸਿਦਕ ਪੱਕਾ,
ਦੰਦੇ ਆਰੇ ਦੀ ਧਾਰ ਨੂੰ ਪੈ ਰਹੇ ਸੀ ।

ਪਾ ਕੇ ਉਬਲਦੀ ਦੇਗ ਦੇ ਵਿਚ ਕੋਈ,
ਅਰਕ ਖਿੱਚਦਾ ਕਿਸੇ ਗੁਲਾਬ ਦਾ ਸੀ ।
ਸਦਕੇ ਇਨ੍ਹਾਂ ਹੀ ਬੀਰ ਬਹਾਦਰਾਂ ਦੇ,
ਮਾਲਕ ਬਣ ਗਿਆ ਤੂੰ ਪੰਜਾਬ ਦਾ ਸੀ ।

ਇਕ ਅੱਖ ਪੰਜਾਬ ਦੀ ਚਮਕਦੀ ਸੀ,
ਅਗੋਂ ਅੱਖੀਆਂ ਦੋ ਚੁੰਧਿਆਉਂਦੀਆਂ ਸਨ ।
ਆ ਕੇ ਸੱਤ ਸਮੁੰਦਰੋਂ ਪਾਰ ਕੌਮਾਂ,
ਤੈਨੂੰ ਸ਼ਰਧਾ ਦੇ ਫੁੱਲ ਚੜ੍ਹਾਉਂਦੀਆਂ ਸਨ ।

ਕਿਸਮਤ ਬਰਕਤਾਂ ਤੇਰੇ ਸੁਆਗਤਾਂ ਨੂੰ,
ਦੂਰ ਦੂਰ ਤੋਂ ਭੱਜੀਆਂ ਆਉਂਦੀਆਂ ਸਨ ।
ਫ਼ੌਜਾਂ ਤੇਰੀਆਂ ਕਾਲੀਆਂ ਘਟਾ ਵਾਂਗੂ,
ਜਿਧਰ ਜਾਂਦੀਆਂ ਸਨ ਫਤਿਹ ਪਾਉਂਦੀਆਂ ਸਨ ।

ਕਿਤੇ ਰੱਬ ਸਬੱਬੀ ਜੇ ਹੱਥ ਜੁੜ ਗਏ,
ਫ਼ੌਜਾਂ ਸੰਦਲੇ ਬੰਨ ਖਲੋਂਦੀਆਂ ਸਨ ।
ਏਧਰ ਮੌਤ ਨੂੰ ਵਧਦੇ ਤੋਂ ਸੀ ਬੀਰ ਤੇਰੇ,
‘ਪਰੀਆਂ’ ਰੰਡੀਆਂ ਕਿਧਰੇ ਹੋਂਦੀਆਂ ਸਨ।

ਗੱਦੀ-ਦਾਰੀ ਦੀ ਨਹੀਂ ਸੀ, ਚਾਹ ਤੈਨੂੰ,
ਸਿਰ ਦੇਣ ਵਾਲੇ ਸਨ ਸਿਰਦਾਰ ਤੇਰੇ ।
ਅਗੇ ਫੌਜ ਦੇ ਹੋਇ ਕੇ ਮਰਨ ਜਿਹੜੇ,
ਓਹੀ ਬਣਦੇ ਸੀ ਸਿਪਾਹ-ਸਾਲਾਰ ਤੇਰੇ ।

ਲੋਕੀ ਪੂੰਜੀਆਂ ਦੇ ਨਾਲ ਕਰਨੇ ਸੌਦੇ,
ਸਿਰਾਂ ਨਾਲ ਓ ਸੀ ਹੁੰਦੇ ਵਪਾਰ ਤੇਰੇ ।
ਥਾਂ ਇੱਟਾਂ ਦੀ ਆਪਣੇ ਸੀਸ ਲਾ ਕੇ,
ਗਏ ਸ਼ਾਨ ਦੇ ਮਹਿਲ ਉਸਾਰ ਤੇਰੇ ।

ਤੇਰੀ ਬੇੜੀ ਦੇ ਬਣੇ ਮਲਾਹ ‘ਤਾਰੂ’
ਖੱਲਾਂ ਰੰਬੀਆਂ ਨਾਲ ਲੁਹਾਣ ਵਾਲੇ ।
ਜਥੇਦਾਰ ਉਹ ਵੀ ਤੇਰੇ ਕਹਾਂਵਦੇ ਸੀ,
ਹੇਠਾਂ ਤੋਂ ਇੰਜਣਾਂ ਦੇ ਦਰੜੇ ਜਾਣ ਵਾਲੇ ।

ਐਪਰ ਅਜ ਬਹੁਤੇ ਜਥੇਦਾਰ ਤੇਰੇ,
ਚੌਧਰ ਲਈ ਨੇ ਫੁੱਟ ਵਧਾਈ ਫਿਰਦੇ ।
ਪਤਾ ਨਹੀਂ ਪਰਧਾਨ ‘ਪਰ-ਧਾਨ’ ਹੁੰਦੇ,
ਐਵੇਂ ਲੇਬਲ ਪ੍ਰਧਾਨ ਦਾ ਲਾਈ ਫਿਰਦੇ ।

ਚੌਧਰ ਆਪਣੀ ਨੂੰ ਕਾਇਮ ਰੱਖਣੇ ਲਈ,
ਭਾਈ ਭਾਈ ਦੇ ਨਾਲ ਲੜਾਈ ਫਿਰਦੇ ।
ਰਗੜ ਰਗੜ ਕੇ ਗ਼ੈਰਾਂ ਦੇ ਬੂਟ ਉੱਤੇ,
ਮੱਥੇ ਆਪਣੇ ਵੇਖ ਘਸਾਈ ਫਿਰਦੇ ।

ਵੱਡੇ ਯੋਧਿਆਂ ਨੂੰ ਭਾਜੜ ਪਾਉਣ ਵਾਲੇ,
ਪਿੱਛਾ ਛੁੱਟਦਾ ਨਹੀਂ ਘਰ ਦੀ ਫੁੱਟ ਕੋਲੋਂ ।
ਕਦੇ ਪੰਜਾਂ ਦਰਿਆਵਾਂ ਦੇਸੀ ਮਾਲਕ,
ਅਜ ਆਹਜੀ ਨੇ ਪਾਣੀ ਦੇ ਘੁੱਟ ਕੋਲੋਂ ।

ਆ ਅੱਜ ਵੀ ਅੱਖੀਆਂ ਦੇ ਖੋਲ੍ਹ ਪੰਥਾ,
ਪਿਛਲਾ ਫੇਰ ਇਤਿਹਾਸ ਦੁਹਰਾ ਦੇਈਏ ।
ਅਸੀਂ ਸਿੰਘ ਹਾਂ, ਗੱਜਕੇ, ਇਕ ਵੇਰਾਂ,
ਭਾਜੜ ਗਿੱਦੜਾਂ ਦੇ ਤਾਈਂ ਪਾ ਦਈਏ ।

ਕੱਠੇ ਕਰਨ ਲਈ ਕੋਈ ਪਤੰਗਿਆਂ ਨੂੰ,
ਸਾਂਝ-ਪ੍ਰੀਤ ਦੀ ਸ਼ਮ੍ਹਾਂ ਜਗਾ ਦਈਦੇ ।
ਜਥੇਦਾਰੀਆਂ ਵੀ ਫੇਰ ਸਾਂਭ ਲਾਂਗੇ,
ਪਹਿਲਾਂ ਗੈਰ ਦੀ ਛੱਟ, ਤਾਂ ਲਾਹ ਦਈਏ ।

‘ਅਰਸ਼ੀ’ ਦਾਤੇ ਦੇ ਉੱਚੇ ਸਕੂਲ ਵਿਚੋਂ,
ਸਬਕ ਸਾਂਝ ਦਾ ਪ੍ਰੇਮ ਦਾ ਸਿਖ ਲਾ ਲਈਏ ।
‘ਗੈਰ ਕੱਢ ਕੇ ਹਿੰਦ ਆਜ਼ਾਦ ਕਰਨਾ’
ਏਸ ਸਤਰ ਨੂੰ ਦਿਲਾਂ ਤੇ ਲਿਖ ਲਈਏ

🟩
2.
ਪਟਨੇ ਸ਼ਹਿਰ ਦੀ ਧਰਤੀ ਨੂੰ

ਪਟਨੇ ਸ਼ਹਿਰ ਦੀ ਧਰਤੀਏ ! ਵੰਡ ਮੋਤੀ,
ਨੀਂ ! ਅੱਜ ਮੋਤੀਆਂ ਵਾਲੀ ਸਰਕਾਰ ਆਈ।
ਫੁੱਲ ਫੁੱਲ ਤੂੰ ਫੁੱਲ ਦੇ ਵਾਂਗ ਅੜੀਏ !
ਤੇਰੇ ਫੁੱਲਾਂ ਤੇ ਅੱਜ ਬਹਾਰ ਆਈ ।
ਨੂਰ ਚਮਕਦਾ ਏ ਤੇਰੇ ਜ਼ੱਰਿਆਂ ਵਿਚ,
ਨਿਰੇ ਨੂਰ ਦੀ ਕੋਈ ਨੁਹਾਰ ਆਈ ।
ਜਿਹੜੀ ਬਣੂੰਗੀ ਢਾਲ ਨਿਮਾਣਿਆਂ ਦੀ,
ਨੀਂ! ਉਹ ਅਰਸ਼ਾਂ ਤੋਂ ਅਜ ਤਲਵਾਰ ਆਈ ।

ਨੀਂ! ਇਹ ਉਹ ਹੈ ਕਹੇ ਜ਼ਬਾਨ ਵਿਚੋਂ,
ਜਿਹੜੇ ਸੂਰਮੇ ਨੇ ਬੋਲ ਪਾਲਣੇ ਨੇ ।
‘ਪੁਰੀਆਂ’ ਅਪਣੀਆਂ ਸੁੰਨ ਮਸਾਨ ਕਰਕੇ,
ਇਹਨੇ ਝੁਗੀਆਂ ’ਚ ਦੀਵੇ ਬਾਲਣੇ ਨੇ ।

ਪੁੱਤਰ ‘ਤੇਗ' ਦਾ ਹੱਥ ਵਿਚ ਤੇਗ ਲੈ ਕੇ,
ਕੱਲੀ ਜਾਨ ਨਾਲ ਜੰਗ ਮਚਾ ਦਇਗਾ ।
‘ਜਾਨ’ ਜਾਨ ਬਚਾਇ ਕੇ ਨੱਸ ਜਾਸੀ,
ਮੱਥਾ ਮੌਤ ਨਾਲ ਜਦੋਂ ਇਹ ਲਾ ਦਇਗਾ ।
ਅੰਮ੍ਰਿਤ ਡੋਲ੍ਹ ਕੇ ਤੇਗ ਦੀ ਧਾਰ ਵਿਚੋਂ,
ਨੀ ! ਇਹ ਮੌਤ ਵਿਚ ਜ਼ਿੰਦਗੀ ਪਾ ਦਇਗਾ।

ਬੁਝਦੀ ਕੌਮ ਦੀ ਸ਼ਮਾਂ ਜਗਾਉਣ ਖਾਤਰ,
ਰੱਖ ਦਇਗਾ ਨੂਰ ਨੂੰ ਨਾਰ ਉਤੇ ।
ਰੁਤਬਾ ਰੱਬ ਦਾ ਬਖਸ਼ ਕੇ ਇਸ਼ਕ ਤਾਂਈ,
ਤੋਰ ਦੇਉ ਤਲਵਾਰ ਦੀ ਧਾਰ ਉਤੇ ।

ਕਿੰਨਾ ਫਰਕ ਹੈ ਮੌਤ ਤੇ ਜ਼ਿੰਦਗੀ ਦਾ,
ਇਹ ਤਲਵਾਰ ਦੀ ਨੋਕ ਤੇ ਹਾੜ ਲਇਗਾ ।
ਇਹਨੇ ਦੁਨੀਆਂ ਦੇ ਦਿਲ ਆਬਾਦ ਕਰਨੇ,
ਝੁੱਗੇ ਆਪਣੇ ਆਪ ਉਜਾੜ ਲਇਗਾ ।
ਰਾਖਾ ਬਣੂੰ ਗਰੀਬਾਂ ਦੇ ਢਾਰਿਆਂ ਦਾ,
ਲੰਕਾ ਸੋਨੇ ਦੀ ਆਪਣੀ ਸਾੜ ਲਇਗਾ ।
‘ਮਹੀਵਾਲ’ ਨਹੀਂ ਪੱਟ ਤੇ ਸਬਰ ਕਰ ਲਉ,
ਇਹ ਤਾਂ ਕੌਮ ਲਈ ਕਾਲਜਾ ਪਾੜ ਲਇਗਾ ।

ਸੱਸੀ ਵਾਂਗ ਜ਼ਾਲਮ ਜ਼ਾਬਰ ਭੁੱਜ ਜਾਸਣ,
ਇਹਦੇ ਤੀਰਾਂ ਦੀ ਸੰਘਣੀ ਛਾਂ ਅੰਦਰ ।
ਘੜੇ ਕੀ ਪਹਾੜ ਵੀ ਰੁੜ੍ਹ ਜਾਣੇ,
ਇਹਦੀ ‘ਤੇਗ’ ਚੋਂ ਫੁੱਟ ਝਨਾਂ ਅੰਦਰ ।

ਓਦੋਂ ਦਿੱਲੀ ਦਾ ਵੀ ਦਿਲ ਹਿੱਲ ਜਾਸੀ,
ਜਦੋਂ ਚੋਟ ਨਗਾਰੇ ਤੇ ਲਾਏਗਾ ਇਹ ।
ਮਿਲੂ ਆਸਰਾ ਢਠਿਆਂ ਦਿਲਾਂ ਤਾਈਂ,
ਜਦੋਂ ਜ਼ੁਲਮ ਦੀ ਕੰਧ ਨੂੰ ਢਾਏਗਾ ਇਹ ।
ਰਹਿਣੀ ਲੋੜ ਨਹੀਂ ਆਬਿ-ਹਿਯਾਤ ਦੀ ਵੀ,
ਜਿਹਨੂੰ ਖੰਡੇ ਦਾ ਪਾਣੀ ਪਿਲਾਏਗਾ ਇਹ ।
ਜਿਉਂਦੀ ਮਰ ਜਾਵੇ, ਮਰਕੇ ਫੇਰ ਜੀਵੇ,
ਕੋਈ ਇਹੋ ਜਿਹੀ ਫੌਜ ਬਣਾਏਗਾ ਇਹ ।

ਏਸ ਪ੍ਰੇਮ ਦੇ ਪੰਧ ਤੇ ਪਿਆ ਹੋਇਆ,
ਮਾਰ ਮਾਰ ਜਾਂ ਮੰਜ਼ਲਾਂ ਝੌਂ ਜਾਊ।
ਸੁੰਝੀ ਸੇਜ ਰਹਿ ਜਾਊ ਪਈ ਖੇੜਿਆਂ ਦੀ,
ਇਹ ‘ਯਾਰ ਦੇ ਸੱਥਰ’ ਤੇ ਸੌਂ ਜਾਊ ।

ਪਟਨੇ ਸ਼ਹਿਰ ਦੀ ਧਰਤੀਏ ! ਏਸ ਜੇਹਾ,
ਸੂਰਾ ਹੋਣਾ ਨਹੀਂ ਕੋਈ ਸੰਸਾਰ ਦੇ ਵਿਚ ।
ਚਮਨ ਦੇਸ਼ ਦਾ ਉਜੜਿਆ ਦੇਖ ਕੇ ਤੇ,
ਅੱਗ ਲਾ ਲਊ ਆਪਣੀ ਗੁਲਜ਼ਾਰ ਦੇ ਵਿਚ ।
ਜਾਨ ਸੁੱਕਣੀ ਪਾ ਦਊ ਕੰਡਿਆਂ ਤੇ,
ਰੱਖ ਦੇਊਗਾ ‘ਦਿਲ’ ਦੀਵਾਰ ਦੇ ਵਿਚ ।
ਕਦੇ ਰੋਊ ਤਾਂ ਦੁਖੀ ਨੂੰ ਦੇਖ ਰੋਊ,
ਖੁਸ਼ ਹੋਊ ਤਾਂ ਹੱਸੂ ਤਲਵਾਰ ਦੇ ਵਿਚ ।

‘ਅਰਸ਼ੀ’ ਤੁਰੂਗਾ ਤੇਰੀ ਜਾਂ ਹਿੱਕ ਉਤੇ,
ਰੁਤਬਾ ਅਰਸ਼ ਦਾ ਧਰਤੀਏ ! ਪਾਏਂਗੀ ਤੂੰ ।
ਪੂਜਾ ਕਰੀਂ ਤੂੰ ਓਸਦੀ ਮਨ ਲਾ ਕੇ,
ਰਹਿੰਦੇ ਜਗ ਤੀਕਰ ਪੂਜੀ ਜਾਏਂਗੀ ਤੂੰ ।
Top