Logo
Header
img

ਅੰਮ੍ਰਿਤਸਰ ਖੇਤਰੀ ਸਰਸ ਮੇਲੇ ਦੀ ਮੇਜਬਾਨੀ ਲਈ ਤਿਆਰ - ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ 2 ਨਵੰਬਰ 2022 ( )-- ਕੇਂਦਰ ਅਤੇ ਪੰਜਾਬ ਸਰਕਾਰ ਵਲੋਂ 4 ਨਵੰਬਰ ਤੋਂ 17 ਨਵੰਬਰ ਤੱਕ ਖੇਤਰੀ ਸਰਸ ਮੇਲਾ ਜੋ ਕਿ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਲਗਾਇਆ ਜਾ ਰਿਹਾ ਹੈ, ਦੀ ਮੇਜਬਾਨੀ ਲਈ ਅੰਮ੍ਰਿਤਸਰ ਪੂਰੀ ਤਰ੍ਹਾਂ ਤਿਆਰ ਹੈ। ਸਰਸ ਮੇਲੇ ਦੀਆਂ ਤਿਆਰੀਆਂ ਕਰਵਾ ਰਹੇ ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਮੇਲੇ ਵਿੱਚ 17 ਰਾਜਾਂ ਤੋਂ 300 ਤੋਂ ਵੱਧ ਕਾਰੀਗਰ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ਅਤੇ ਆਪਣਾ ਹੱਥ ਕਿਰਤਾਂ ਨੂੰ ਵੇਚਣਗੇ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਲੋਕ ਆਪਣੇ ਖਾਣ-ਪੀਣ ਦੇ ਸਟਾਲ ਵੀ ਲਗਾਉਣਗੇ, ਜਿਸਦਾ ਕਿ ਮੇਲਾ ਵੇਖਣ ਵਾਲੇ ਲੁਫ਼ਤ ਲੈ ਸਕਣਗੇ। ਉਨਾਂ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਦੇਸ਼ ਭਰ ਦੇ ਛੋਟੇ ਕਾਰੀਗਰਾਂ ਨੂੰ ਆਪਣੀਆਂ ਵਸਤਾਂ ਵੇਚਣ ਲਈ ਉਤਸ਼ਾਹਿਤ ਕਰਨਾ ਹੈ ਅਤੇ ਉਨਾਂ ਦਾ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਸ੍ਰੀ ਮੂਧਲ ਨੇ ਦੱਸਿਆ ਕਿ 14 ਦਿਨ ਚੱਲਣ ਵਾਲੇ ਮੇਲੇ ਵਿੱਚ ਪੰਜ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਆਸ ਹੈ। ਜਿਸ ਲਈ ਕਾਰ ਪਾਰਕਿੰਗ, ਪੀਣ ਵਾਲੇ ਪਾਣੀ, ਸਾਫ਼-ਸਫ਼ਾਈ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾ ਚੁਕੇ ਹਨ। ਉਨਾਂ ਦੱਸਿਆ ਕਿ ਰੋਜ਼ ਸ਼ਾਮ ਨੂੰ ਪ੍ਰਸਿੱਧ ਪੰਜਾਬੀ ਕਲਾਕਾਰ ਲੋਕਾਂ ਦੇ ਮਨੋਰੰਜਨ ਲਈ ਪਹੁੰਚ ਰਹੇ ਹਨ। ਜਿਨਾਂ ਵਾਸਤੇ ਕੋਈ ਵੱਖਰੀ ਟਿਕਟ ਨਹੀਂ ਹੋਵੇਗੀ, ਬਲਕਿ ਜੋ ਲੋਕ ਮੇਲਾ ਵੇਖਣ ਆਉਣਗੇ ਉਹ ਇਨਾਂ ਕਲਾਕਾਰਾਂ ਦੀ ਕਲਾ ਦਾ ਨਜ਼ਾਰਾ ਵੀ ਲੈ ਸਕਣਗੇ। ਉਨਾਂ ਮਾਝੇ ਦੇ ਲੋਕਾਂ ਨੂੰ ਆਪਣੇ ਸ਼ਹਿਰ ਵਿੱਚ ਲੱਗਣ ਵਾਲੇ ਇਸ ਪਲੇਠੇ ਸਰਸ ਮੇਲੇ ਦਾ ਆਨੰਦ ਲੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਉਨਾਂ ਨਾਲ ਮੇਲੇ ਦੇ ਨੋਡਲ ਅਧਿਕਾਰੀ ਸ੍ਰੀਮਤੀ ਅਮਿਕਾ ਵਰਮਾ, ਸ: ਪ੍ਰਭਪ੍ਰੀਤ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Top