Logo
Header
img

ਜਿਲ੍ਹੇ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਸਿਹਤ ਅਧਿਕਾਰੀਆਂ ਨਾਲ ਮੀਟਿੰਗ

ਅੰਮ੍ਰਿਤਸਰ, 9 ਨਵੰਬਰ 2022: ਜਿਲ੍ਹਾ ਵਾਸੀਆਂ ਨੂੰ ਡੇਂਗੂ ਦੇ ਡੰਗ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸਥਾਰਤ ਮੀਟਿੰਗ ਕਰਕੇ ਹੁਣ ਤੱਕ ਦੀ ਰਿਪੋਰਟ ਉੱਤੇ ਵਿਚਾਰ ਚਰਚਾ ਕੀਤੀ। ਡਿਪਟੀ ਕਮਿਸ਼ਨਰ ਨੇ ਜੋਰ ਦੇ ਕੇ ਕਿਹਾ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡੇਗੂ ਤੋਂ ਜਿਲ੍ਹਾ ਵਾਸੀਆਂ ਨੂੰ ਬਚਾਉਣ ਲਈ ਲਈ ਹਰ ਸ਼ੁਕਰਵਾਰ ਡਰਾਈ ਡੇਅ ਵਜੋਂ ਮਨਾਇਆ ਜਾਵੇ ਅਤੇ ਜਿੰਨ੍ਹਾਂ ਸਥਾਨਾਂ ਤੇ ਡੇਂਗੂ ਦਾ ਲਾਰਵਾ ਮਿਲਦਾ ਹੈ ਦੇ ਚਾਲਾਨ ਸਖ਼ਤੀ ਨਾਲ ਕੀਤੇ ਜਾਣ। ਉੁਨ੍ਹਾਂ ਸਿਹਤ, ਨਗਰ ਨਿਗਮ ਅਤੇ ਹੋਰ ਅਧਿਕਾਰੀਆਂ ਦੀ ਸਰਾਹਨਾ ਕਰਦੇ ਕਿਹਾ ਕਿ ਇਸ ਵਾਰ ਡੇਂਗੂ ਦੇ ਕੇਸ ਅਗੇ ਨਾਲੋਂ ਬਹੁਤ ਕੰਟਰੋਲ ਵਿੱਚ ਹਨ। ਜਿਸ ਤੋਂ ਸਪੱਸ਼ਟ ਹੈ ਕਿ ਤੁਸੀਂ ਬਿਹਤਰ ਕੰਮ ਕੀਤਾ ਹੈ। ਉਨਾਂ ਕਿਹਾ ਕਿ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦਵਾਈ ਦੀ ਸਪਰੇਅ ਦਾ ਵੱਧ ਜ਼ੋਰ ਦਿੱਤਾ ਜਾਵੇ ਅਤੇ ਹਫ਼ਤੇ ਬਾਅਦ ਸਪ੍ਰੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਡੇਂਗੂ ਦੇ ਲੱਛਣ ਅਤੇ ਬਚਾਅ ਤੋਂ ਜਾਗਰੂਕ ਕਰਨ ਲਈ ਵੀ ਕਿਹਾ। ਮੀਟਿੰਗ ਨੂੰ ਸੰਬੋਧਨ ਕਰਦੇ ਸਿਵਲ ਸਰਜਨ ਅੰਮ੍ਰਿਤਸਰ ਡਾ: ਚਰਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ ਡੇਂਗੂ ਦੇ 230 ਕੇਸ ਆਏ ਹਨ, ਜਿੰਨ੍ਹਾਂ ਵਿਚੋ ਕਰੀਬ 80 ਕੇਸ ਬਾਬਾ ਬਕਾਲਾ ਸਾਹਿਬ ਸਬ-ਡਵੀਜਨ ਦੇ ਹੀ ਹਨ। ਉਨਾਂ ਦੱਸਿਆ ਕਿ ਸਾਡੀਆਂ ਟੀਮਾਂ ਲਗਾਤਾਰ ਡੇਂਗੂ ਦੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ਅਤੇ ਅਸੀਂ ਹੁਣ ਤੱਕ 170 ਚਾਲਾਨ ਕੱਟੇ ਹਨ। ਜੋ ਕਿ ਰਾਜ ਭਰ ਵਿਚ ਸਭ ਤੋਂ ਵੱਧ ਹਨ। ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਅੰਮ੍ਰਿਤਸਰ, ਗੁਰੂ ਨਾਨਕ ਮੈਡੀਕਲ ਕਾਲਜ ਅਤੇ ਅਜਨਾਲ ਹਸਪਤਾਲ ਡੇਂਗੂ ਦੀ ਜਾਂਚ ਲਈ ਵਿਸ਼ੇਸ਼ ਲੈਬਾਰਟਰੀਆਂ ਕੰਮ ਕਰ ਰਹੀਆਂ ਹਨ, ਜਿਥੇ ਮੁਫ਼ਤ ਜਾਂਚ ਹੁੰਦੀ ਹੈ। ਉਨਾਂ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬੁਖਾਰ ਹੋਣ ਦੀ ਸੂਰਤ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਜਾਂਚ ਅਤੇ ਇਲਾਜ ਕਰਵਾਉਣ। ਇਸ ਮੋਕੇ ਜ਼ਿਲਾ੍ਹ ਮਲੇਰੀਆ ਅਫਸਰ ਡਾ. ਮਦਨ ਮੋਹਨ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ-ਪਾਣੀ ਵਿਚ ਪਲਦਾ ਹੈ ਅਤੇ ਜਿਹੜਾ ਪਾਣੀ ਸੱਤ ਦਿਨ ਤੱਕ ਖੜਾ ਰਿਹਾ, ਉਥੇ ਮੱਛਰ ਤਿਆਰ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਘਰਾਂ, ਦੁਕਾਨਾਂ, ਦਫਤਰਾਂ ਅਤੇ ਹੋਰ ਥਾਵਾਂ ’ਤੇ ਪਏ ਵਾਧੂ ਸਮਾਨ, ਜਿਸ ਵਿਚ ਮੀਂਹ ਆਦਿ ਦਾ ਪਾਣੀ ਖੜ੍ਹ ਸਕਦਾ ਹੈ, ਉਸ ਨੂੰ ਸਾਫ ਕਰਦੇ ਰਹੀਏ। ਇਸ ਤੋਂ ਇਲਾਵਾ ਹਰ ਹਫਤੇ ਕੂਲਰਾਂ, ਗਮਲਿਆਂ ਜਾਂ ਪੌਦੇ ਲਗਾਉਣ ਲਈ ਰੱਖੀਆਂ ਬੋਤਲਾਂ ਆਦਿ ਦਾ ਪਾਣੀ ਬਦਲੀਏ। ਉਨਾਂ ਦੱਸਿਆ ਕਿ ਡੇਂਗੂ ਦੇ ਮੱਛਰ ਆਮ ਮੱਛਰ ਨਾਲੋਂ ਵੱਡਾ ਅਤੇ ਸਰੀਰ ’ਤੇ ਧਾਰੀਆਂ ਹੁੰਦੀਆਂ ਹਨ। ਇਹ ਸਵੇਰ ਜਾਂ ਸ਼ਾਮ ਦੇ ਸਮੇਂ ਕੱਟਦਾ ਹੈ ਅਤੇ ਡੰਗ ਵੀ ਤਿੱਖਾ ਮਾਰਦਾ ਹੈ। ਇਹ ਆਮ ਤੌਰ ’ਤੇ ਪਰਦਿਆਂ, ਫੋਟੋ ਫਰੇਮਾਂ, ਟੇਬਲ-ਕੁਰਸੀਆਂ ਦੇ ਹੇਠਾਂ ਜਾਂ ਹੋਰ ਠੰਡੀਆਂ ਥਾਵਾਂ ’ਤੇ ਹੁੰਦਾ ਹੈ। ਡੇਂਗੂ ਕੱਟਣ ਉਪਰੰਤ ਲੱਛਣ- ਜਿਲ੍ਹਾ ਮਲੇਰੀਆ ਅਫਸਰ ਡਾ. ਮਦਨ ਨੇ ਦੱਸਿਆ ਕਿ ਜਦੋਂ ਡੇਂਗੂ ਦਾ ਮੱਛਰ ਕੱਟ ਜਾਂਦਾ ਹੈ ਤਾਂ ਤੇਜ਼ ਬੁਖਾਰ, ਅੱਖਾਂ ਦਰਦ ਹੁੰਦੀਆਂ ਹਨ। ਇਸ ਹਾਲਤ ਵਿਚ ਕੇਵਲ ਪੈਰਾਸੂਟਾਮੋਲ ਦਵਾਈ ਦਿੱਤੀ ਜਾ ਸਕਦੀ ਹੈ, ਹੋਰ ਕੋਈ ਦਵਾਈ ਨਾ ਖਾਓ। ਉਨਾਂ ਦੱਸਿਆ ਕਿ ਡੇਂਗੂ ਮੱਛਰ ਕੱਟਣ ’ਤੇ ਜੇਕਰ ਮਰੀਜ ਵੱਧ ਤੋਂ ਵੱਧ ਤਰਲ ਪਦਾਰਥ ਪੀਵੇ ਤਾਂ ਖ਼ਤਰੇ ਦੀ ਗੱਲ ਨਹੀਂ ਰਹਿੰਦੀ। ਡਾ. ਮਦਨ ਨੇ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਘਰ ਜਾਂ ਵਪਾਰਕ ਸੰਸਥਾਵਾਂ ’ਤੇ ਟੁੱਟੇ ਬਰਤਨ, ਗਮਲੇ, ਕੂਲਰ, ਖਰਾਬ ਟਾਇਰ, ਗਟਰ ਦੇ ਢੱਕਣ ਵਿਚ ਬਣੇ ਛੋਟੇ ਹੋਲ, ਪੰਛੀਆਂ ਲਈ ਰੱਖਿਆ ਪਾਣੀ ਆਦਿ ਵਿਚ ਪਾਣੀ ਨਾ ਖੜਾ ਰਹਿਣ ਦਈਏ ਤੇ ਕੂਲਰ ਆਦਿ ਦਾ ਪਾਣੀ ਵੀ ਹਰ 7 ਦਿਨਾਂ ਦੇ ਵਿਚ ਬਦਲੀਏ। ਇਸ ਨਾਲ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਤੋਂ ਬਚਾਅ ਹੋ ਸਕਦਾ ਹੈ। ਡਾ. ਮਦਨ ਨੇ ਦੱਸਿਆ ਕਿ ਇਸ ਵਾਰ ਸਰਦੀ ਵਿਚ ਵੀ ਡੇਂਗੂ ਦੇ ਕੇਸ ਸਾਹਮਣੇ ਆਏ ਹੋਣ ਕਾਰਨ ਸਾਨੂੰ ਵੱਧ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਡੀ.ਡੀ.ਪੀ.ਓ. ਸ੍ਰੀ ਸਤੀਸ਼ ਕੁਮਾਰ, ਡੀ.ਈ.ਓ. ਸ੍ਰੀ ਰਾਜੇਸ਼ ਕੁਮਾਰ, ਸ: ਜਸਬੀਰ ਸਿੰਘ, ਅਸਿਸਟੈਂਟ ਸਿਵਲ ਸਰਜਨ ਡਾ. ਰਜਿੰਦਰਪਾਲ ਕੌਰ, ਸਾਰੇ ਮੈਡਕੀਲ ਅਫਸਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Top