ਡਿਪਟੀ ਕਮਿਸ਼ਨਰ ਸਾਹਨੀ ਨੇ ਮਹਿਲਾ ਲਾਭਪਾਤਰੀ ਨੂੰ ਇੰਸੂਲੇਟਿਡ ਵਾਹਨ ਦੀ ਸਪੁਰਦ ਕੀਤੀਆਂ ਚਾਬੀਆਂ
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ (ਪੀ.ਐਮ.ਐਮ.ਐਸ.ਵਾਈ.) ਤਹਿਤ ਪਾਇਲ ਸਬ-ਡਵੀਜ਼ਨ ਦੇ ਪਿੰਡ ਕਰੋਦੀਆ ਦੀ ਵਸਨੀਕ ਜਸਪ੍ਰੀਤ ਕੌਰ ਨੂੰ ਇੰਸੂਲੇਟਿਡ ਵਾਹਨ ਦੀਆਂ ਚਾਬੀਆਂ ਸੌਂਪੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਸਹਾਇਕ ਡਾਇਰੈਕਟਰ ਮੱਛੀ ਪਾਲਣ ਦਲਬੀਰ ਸਿੰਘ, ਮੱਛੀ ਪਾਲਣ ਅਫਸਰ ਮਮਤਾ ਸ਼ਰਮਾ ਦੇ ਨਾਲ ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਜਸਪ੍ਰੀਤ ਕੌਰ ਲੁਧਿਆਣਾ ਦੀ ਪਹਿਲੀ ਮਹਿਲਾ ਲਾਭਪਾਤਰੀ ਹੈ, ਜਿਸ ਨੂੰ ਪੀ.ਐਮ.ਐਮ.ਐਸ.ਵਾਈ. ਤਹਿਤ 12 ਲੱਖ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਸੂਲੇਟਿਡ ਵਾਹਨ ਦੀ ਕੀਮਤ 20 ਲੱਖ ਰੁਪਏ ਹੈ ਅਤੇ ਇਸ ਦੀ ਵਰਤੋਂ ਮੱਛੀਆਂ ਦੀ ਆਵਾਜਾਈ ਲਈ ਕੀਤੀ ਜਾਵੇਗੀ।
ਸਹਾਇਕ ਡਾਇਰੈਕਟਰ ਮੱਛੀ ਪਾਲਣ ਦਲਬੀਰ ਸਿੰਘ ਨੇ ਦੱਸਿਆ ਕਿ ਮੱਛੀ ਜਲਦ ਖਰਾਬ ਹੋਣ ਵਾਲਾ ਉਤਪਾਦ ਹੈ ਅਤੇ ਬਰਫ਼ ਦੀ ਵਰਤੋਂ ਘੱਟ ਦੂਰੀ ਦੀ ਢੋਆ-ਢੁਆਈ ਲਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਹ ਵਾਹਨ ਨਿਯੰਤਰਿਤ ਤਾਪਮਾਨ ਹੇਠ ਢੁਕਵੀਂ ਗੁਣਵੱਤਾ ਵਾਲੀ ਮੱਛੀ ਨੂੰ ਛੱਪੜ ਤੋਂ ਮੰਡੀਆਂ ਤੱਕ ਆਸਾਨੀ ਨਾਲ ਅਤੇ ਨਿਰਵਿਘਨ ਲਿਜਾਣ ਦੀ ਸਹੂਲਤ ਦੇਵੇਗਾ। ਇਸ ਨਾਲ ਮਛੇਰਿਆਂ ਨੂੰ ਵਧੀਆ ਕੀਮਤ ਦੇ ਨਾਲ-ਨਾਲ ਖਪਤਕਾਰਾਂ ਨੂੰ ਗੁਣਵੱਤਾ ਵਾਲੀ ਮੱਛੀ ਵੀ ਮਿਲੇਗੀ।
ਵਿਭਾਗੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਇਸ ਸਕੀਮ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਮੱਛੀ ਪਾਲਣ ਦੇ ਖੇਤਰ ਦਾ ਵਿਕਾਸ ਕਰਨਾ, ਨੌਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਯਕੀਨੀ ਬਣਾਉਣਾ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ। ਪੀ.ਐਮ.ਐਮ.ਐਸ.ਵਾਈ. ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਆਮ ਸ਼੍ਰੇਣੀ ਦੇ ਲਾਭਪਾਤਰੀਆਂ ਨੂੰ ਯੂਨਿਟ ਲਾਗਤ ਦੀ 40 ਫੀਸਦ ਸਬਸਿਡੀ ਅਤੇ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਔਰਤਾਂ ਨੂੰ ਯੂਨਿਟ ਲਾਗਤ ਦਾ 60 ਫੀਸਦ ਮਨਜ਼ੂਰ ਕੀਤਾ ਜਾਵੇਗਾ।