Logo
Header
img

ਉਦਯੋਗ ਵਿਕਸਤ ਹੋਣਗੇ ਤਾਂ ਰਾਜ ਦੀ ਆਰਥਿਕਤਾ ਹੋਵੇਗੀ ਵਿਕਸਤ - ਬਿਜਲੀ ਮੰਤਰੀ

ਅੰਮ੍ਰਿਤਸਰ 7 ਜਨਵਰੀ 2023-- ਉਦਯੋਗਾਂ ਦੀ ਤਰੱਕ ਤੋਂ ਬਿਨਾਂ ਕੋਈ ਵੀ ਰਾਜ ਤਰੱਕੀ ਨਹੀਂ ਕਰ ਸਕਦਾ ਅਤੇ ਉਦਯੋਗਾਂ ਨੂੰ ਵਿਕਸਤ ਕਰਨ ਲਈ ਸਭ ਤੋਂ ਵੱਡੀ ਮੁੱਢਲੀ ਜ਼ਰੂਰਤ ਬਿਜਲੀ ਹੈ, ਜੇਕਰ ਬਿਜਲੀ ਹੋਵੇਗੀ ਤਾਂ ਉਦਯੋਗ ਵਿਕਸਤ ਹੋਣਗੇ ਅਤੇ ਰਾਜ ਦੀ ਆਰਥਿਕਤਾ ਵਿਕਸਤ ਹੋਵੇਗੀ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਿਜਲੀ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਬਲ ਕਲਾਂ ਅਤੇ ਨਾਗ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਨੇ ਧਿਆਨ ਵਿਚ ਲਿਆਂਦਾ ਕਿ ਬਲ ਕਲਾਂ ਅਤੇ ਨਾਗ ਕਲਾਂ ਵਿਖੇ ਸਟਾਫ ਦੀ ਘਾਟ ਹੈ ਅਤੇ ਇਥੇ ਤਿੰਨ ਫੀਡਰ ਲੱਗੇ ਹੋਏ ਹਨ, ਪਰੰਤੂ ਬ੍ਰੇਕਰ ਨਹੀਂ ਲਗਾਏ ਗਏ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਲ ਕਲਾਂ ਅਤੇ ਨਾਗ ਕਲਾਂ ਵਿਖੇ ਤੁਰੰਤ ਸਟਾਫ ਦੀ ਕਮੀ ਨੂੰ ਪੂਰਾ ਕੀਤਾ ਜਾਵੇ ਅਤੇ ਸੋਮਵਾਰ ਤੱਕ ਤਿੰਨੇ ਬ੍ਰੇਕਰ ਇਥੇ ਪਹੁੰਚ ਜਾਣੇ ਚਾਹੀਦੇ ਹਨ। ਸ: ਈ.ਟੀ.ਓ. ਨੇ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਮੰਗ ਨੂੰ ਧਿਆਨ ਵਿਚ ਰਖਦੇ ਹੋਏ ਬਲ ਕਲਾਂ ਵਿਖੇ ਪੀਣ ਵਾਲਾ ਪਾਣੀ ਦੀ ਟੈਂਕੀ ਬਣਾਉਣ ਦਾ ਭਰੋਸਾ ਵੀ ਦਿੱਤਾ। ਉਨਾਂ ਕਿਹਾ ਕਿ ਸਾਡੀ ਸਰਕਾਰ ਉਦਯੋਗਪਤੀਆਂ ਦੇ ਨਾਲ ਖੜੀ ਹੈ ਅਤੇ ਉਦਯੋਗਪਤੀਆਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਬਿਜਲੀ ਮੰਤਰੀ ਨੇ ਕਿਹਾ ਕਿ ਬਲ ਕਲਾਂ ਅਤੇ ਨਾਗ ਕਲਾਂ ਵਿਖੇ ਜਲਦ ਹੀ ਬਿਜਲੀ ਦੀ ਮੁਰੰਮਤ ਲਈ ਵਹੀਕਲ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋੜ ਪੈਣ ਤੇ ਤੁਰੰਤ ਹੀ ਬਿਜਲੀ ਦੇ ਫਾਲਟ ਨੂੰ ਦੂਰ ਕੀਤਾ ਜਾ ਸਕਦੇ। ਉਨਾਂ ਦੱਸਿਆ ਕਿ ਪੁਰਾਣਾ ਫੋਕਲ ਪੁਆਇੰਟ ਵਿਖੇ ਇਕ ਨਵਾਂ ਫੀਡਰ ਲਗਾ ਦਿੱਤਾ ਜਾਵੇਗਾ, ਤਾਂ ਜੋ ਦੋਵੇਂ ਫੋਕਲ ਪੁਆਇੰਟਾਂ ਦਾ ਲੋਡ ਆਪਸ ਵਿੱਚ ਵੰਡਿਆ ਜਾ ਸਕੇ। ਉਨਾਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ ਅਤੇ ਉਨਾਂ ਦੀਆਂ ਜੋ ਵੀ ਮੰਗਾਂ ਹੋਣਗੀਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਬਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਚੀਫ ਪੈਟਰਨ ਸ੍ਰੀ ਸੰਦੀਪ ਖੋਸਲਾ ਨੇ ਬਿਜਲੀ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੇ ਪਹਿਲੀ ਵਾਰ ਵੇਖਿਆ ਹੈ ਕਿ ਸਾਡੀਆਂ ਮੰਗਾਂ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨਾਂ ਨੂੰ ਹਲ ਕੀਤਾ ਹੈ। ਇਸ ਮੌਕੇ ਡਿਪਟੀ ਚੀਫ ਇੰਜੀਨੀਅਰ ਸ: ਜਤਿੰਦਰ ਸਿੰਘ, ਸੀਨੀਅਰ ਵਾਇਸ ਪ੍ਰਧਾਨ ਰਾਜਨ ਮਹਿਰਾ, ਸ੍ਰੀ ਸੰਜੀਵ ਮਹਾਜਨ, ਸ੍ਰੀ ਸ਼ਾਮ ਅਗਰਵਾਲ, ਸ੍ਰੀ ਸੰਜੀਵ ਅਗਰਵਾਲ ਪ੍ਰਧਾਨ ਨਾਗ ਕਲਾਂ, ਚੇਅਰਮੈਨ ਜਗਦੀਸ਼ ਅਰੋੜਾ, ਸ੍ਰੀ ਕਿਸ੍ਰਨ ਕੁਮਾਰ ਕੁਕੂ , ਸ੍ਰੀ ਵਿਸ਼ਾਲ ਕਪੂਰ, ਸ੍ਰੀ ਸੰਨੀ ਵੋਹਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ ਹਾਜ਼ਰ ਸਨ।
Top