Logo
Header
img

ਪੰਜਾਬੀ ਲੇਖਕ ਗੁਰਭਜਨ ਗਿੱਲ ਦੀ ਸ਼ਾਇਰੀ ਤੇ ਆਧਾਰਿਤ ਪ੍ਰੋਗ੍ਰਾਮ”ਅੱਖਰ ਅੱਖਰ” ਵਿੱਚ ਇਸ਼ਮੀਤ ਇੰਸਟੀਚਿਊਟ ਦਾ ਕਲਾਕ

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਚ ਪ੍ਰੋਃ ਗੁਰਭਜਨ ਗਿੱਲ ਦੀ ਪਿਛਲੇ ਪੰਜਾਹ ਸਾਲ ਦੌਰਾਨ ਲਿਖੀ ਗ਼ਜ਼ਲ ਤੇ ਆਧਾਰਿਤ ਵਿਸ਼ੇਸ਼ ਸੰਗੀਤਕ ਪ੍ਰੋਗ੍ਰਾਮ “ਅੱਖਰ ਅੱਖਰ” ਕਰਵਾਇਆ ਗਿਆ ਜਿਸ ਵਿਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਹੁਨਰਮੰਦ ਕਲਾਕਾਰਾਂ ਨੇ ਪੰਜਾਬੀ  ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਦੀ ਪੁਸਤਕ "ਅੱਖਰ ਅੱਖਰ" ਵਿੱਚੋਂ ਪੇਸ਼ ਰਚਨਾਵਾਂ ਰਾਹੀਂ ਪੰਜਾਬੀਅਤ ਦੇ ਵੱਖ-ਵੱਖ ਰੰਗ ਪੇਸ਼  ਕੀਤੇ।

ਇਸ ਸਮਾਗਮ ਵਿੱਚ ਇੰਸਟੀਚਿਊਟ ਦੇ ਸਿਖਿਆਰਥੀ ਨਵਦੀਸ਼ ਸਿੰਘ, ਦਮਨ ਸਸਿੰਘ,ਮਨਪ੍ਰੀਤ ਕੌਰ, ਪ੍ਰਿਅੰਕਾ, ਰਾਸ਼ੀ, ਹਰਸ਼ੀਨ ਕੌਰ,ਡਾ: ਚਰਨ ਕਮਲ ਸਿੰਘ, ਡਾਇਰੈਕਟਰ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਅਤੇ ਅਧਿਆਪਕਾਂ ਨਾਜ਼ਿਮਾ ਬਾਲੀ, ਮਨਜੀਤ ਸਿੰਘ ਅਤੇ ਦੀਪਕ ਖੋਸਲਾ ਵਲੋਂ ਗਜ਼ਲਾਂ ਦੀ ਸੰਗੀਤਮਈ ਪੇਸ਼ਕਾਰੀ ਕੀਤੀ ਗਈ।

ਇਸ ਮੌਕੇ ਗੁਰਭਜਨ ਗਿੱਲ ਦੀਆਂ ਤਿੰਨ ਰਚਨਾਵਾਂ ਦੀ ਆਡਿਉ ਰੀਕਾਰਡਿੰਗ ਵੀ ਸੋਸ਼ਲ ਮੀਡੀਆ ਪਸੈਟਫਾਰਮਜ਼ ਲਈ ਲੋਕ ਅਰਪਨ ਕੀਤੀ ਗਈ।

ਇਸ ਮੌਕੇ ਉੱਘੇ ਲੇਖਕ ਤੇ ਸਾਬਕਾ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਇਸ਼ਮੀਤ ਸਿੰਘ ਜੀ ਦੇ ਪਿਤਾ ਜੀ ਸਃ ਗੁਰਪਿੰਦਰ ਸਿੰਘ, ਗੁਰਭਜਨ ਗਿੱਲ ਦੀ ਜੀਵਨ ਸਾਥਣ ਸਰਦਾਰਨੀ ਜਸਵਿੰਦਰ ਕੌਰ ਗਿੱਲ, ਉੱਘੇ ਕਵੀ ਸਹਿਜਪ੍ਰੀਤ ਸਿੰਘ ਮਾਂਗਟ,ਡਾਃ ਜਸਵਿੰਦਰ ਕੌਰ ਮਾਂਗਟ ਪ੍ਰਿੰਸੀਪਲ, ਸ਼ਹੀਦ ਸੁਖਦੇਵ ਯਾਦਗਾਰੀ ਸਰਕਾਰੀ ਸੀਨੀਃ ਸੈਕੰਡਰੀ ਸਕੂਲ, ਲੁਧਿਆਣਾ,ਤੇਜ ਪਰਤਾਪ ਸਿੰਘ ਸੰਧੂ, ਜਸਮੇਰ ਸਿੰਘ ਢੱਟ, ਚੇਅਰਮੈਨ ਸੱਭਿਆਚਾਰਕ ਸੱਥ ਪੰਜਾਬ,ਜਗਦੇਵ ਸਿੰਘ ਤੂਰ ਸਾਬਕਾ ਸਰਪੰਚ ਬੱਗਾ ਖ਼ੁਰਦ,ਜਰਨੈਲ ਸਿੰਘ ਤੂਰ; ਸੰਗੀਤਕਾਰ ਭਾਈ ਵਰਿੰਦਰ ਸਿੰਘ ਨਿਰਮਾਣ, ਸਃ ਪੁਨੀਤ ਪਾਲ ਸਿੰਘ ਗਿੱਲ ਡੀ ਪੀ ਆਰ ਓ ਲੁਧਿਆਣਾ,ਰਵਨੀਤ ਕੌਰ ਗਿੱਲ, ਅਸੀਸ ਕੌਰ ਗਿੱਲ,ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਤੇ ਕਵੀ ਕਰਮਜੀਤ ਸਿੰਘ ਗਰੇਵਾਲ ਲਲਤੋਂ,ਮਨਦੀਪ ਕੌਰ ਭੰਮਰਾ ਸਾਬਕਾ ਮੁੱਖ ਸੰਪਾਦਕ “ਪਰ ਹਿੱਤ”ਮਨਿੰਦਰ ਸਿੰਘ ਗੋਗੀਆ ਓਜਸ ਕਰੀਏਸ਼ਨ; ਬਲਬੀਰ ਸਿੰਘ ਭਾਟੀਆ ਅੰਮ੍ਰਿਤ ਸਾਗਰ; ਵਿੱਕੀ ਨਿਊ ਰਾਜਗੁਰੂ ਨਗਰ , ਸਰਬਜੀਤ ਸਿੰਘ ਅਤੇ ਸ੍ਰ.ਗੁਰਮੀਤ ਸਿੰਘ ਕੋਛੜ ਆਦਿ ਸ਼ਾਮਲ ਹੋਏ।

ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਡਾ: ਚਰਨ ਕਮਲ ਸਿੰਘ, ਡਾਇਰੈਕਟਰ, ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਪਹੁੰਚੇ ਸੱਜਣਾਂ ਨੂੰ 'ਜੀ ਆਇਆਂ' ਆਖਦਿਆਂ ਕਿਹਾ ਕਿ ਸਮਾਜ ਵਿਚ ਸਿਹਤਮੰਦ ਸੋਚ ਵਾਲੇ ਲਿਖਾਰੀ ਹੀ ਸਮਾਜ ਦੀ ਸੋਚ ਦੇ ਘਾੜੇ ਹੁੰਦੇ ਹਨ। ਲਿਖਾਰੀ ਹੀ ਕਲਾਤਮਕ ਬਾਰੀਕੀ ਦਾ ਅਹਿਸਾਸ ਰੱਖਣ ਵਾਲੇ ਸਮਾਜ ਨੂੰ ਹਰ ਮਹੱਤਵਪੂਰਨ ਪੱਖ ਤੋਂ ਖਬਰਦਾਰ ਕਰਦੇ ਹਨ। ਉਨ੍ਹਾਂ ਖੁਸ਼ੀ ਜ਼ਾਹਿਰ ਕੀਤੀ ਕਿ ਇੰਸਟੀਚਿਊਟ ਦੇ ਗਾਇਕਾਂ ਨੂੰ ਗੁਰਭਜਨ ਸਿੰਘ ਗਿੱਲ ਹੁਰਾਂ ਦੀ ਲੇਖਣੀ ਨੂੰ ਗਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਨਾਲ ਸੰਗੀਤਕ ਖੇਤਰ ਵਲੋਂ ਸਮਾਜ ਦੀ ਸੁਚੱਜੀ ਘਾੜਤ ਲਈ ਲੋੜੀਂਦਾ ਯੋਗਦਾਨ ਪਾਇਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ 24 ਸਤੰਬਰ ਨੂੰ ਡਾਃ ਸੁਰਜੀਤ ਪਾਤਰ ਦੀ ਸ਼ਾਇਰੀ ਤੇ ਆਧਾਰਿਤ ਪ੍ਰੋਗ੍ਰਾਮ “ਸੁਰ ਜ਼ਮੀਨ “ਕਰਵਾਇਆ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋਃ ਗੁਰਭਜਨ ਸਿੰਘ  ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਗੀਤਾਂ ਗ਼ਜ਼ਲਾਂ ਦਾ ਗਾਇਣ ਸੁਣ ਕੇ ਬਹੁਤ ਅਨੰਦਮਈ ਅਹਿਸਾਸ ਹੋਇਆ ਅਤੇ ਉਹ ਇੰਸਟੀਚਿਊਟ ਦੇ ਕਲਾਕਾਰਾਂ ਦੀ ਉਚ-ਪੱਧਰੀ ਗਾਇਨ ਸ਼ੈਲੀ ਤੋਂ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਵਾਇਤੀ ਲੋਕ ਸੰਗੀਤ ਦੀਂ ਵੰਨਗੀਆਂ ਤੇ ਰੀਤਾਂ ਵੀ ਸੰਭਾਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਲੋਕ ਸਾਜ਼ ਵਾਦਨ ਤੇ ਲੋਕ ਅੰਦਾਜ਼ ਵਾਲੀ ਗਾਇਕੀ ਦੀਆਂ ਸਿਖਲਾਈ ਕਾਰਜਸ਼ਾਲਾ ਲਾਉਣ ਦੀ ਲੋੜ ਹੈ। ਉਨ੍ਹਾਂ ਇਸ ਮੌਕੇ ਸੁਰੀਲੀ ਬਾਲ ਗਾਇਕਾ ਰਾਸ਼ੀ ਦੀ ਪੂਰੀ ਸਕੂਲ ਸਿੱਖਿਆ ਲਈ ਆਰਥਿਕ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਇਹ ਬਾਲੜੀ ਸ਼੍ਰੀ ਗੁਰੂ ਸਿੰਘ ਸਭਾ ਸਕੂਲ ਮਾਡਲ ਟਾਊਨ ਚ ਪੜ੍ਹਦੀ ਹੈ ਅਤੇ ਲੁਧਿਆਣਾ ਦੇ ਸਾਬਕਾ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਸੇ ਹੋਰ ਪ੍ਰੋਗ਼ਾਮ ਵਿੱਚ ਸੁਣਨ ਉਪਰੰਤ ਇਸ਼ਮੀਤ ਇੰਸਟੀਚਿਊਟ ਵਿਖੇ ਸਿਖਲਾਈ ਲਈ ਭੇਜਿਆ ਸੀ। ਇਹ ਬੱਚੀ ਪੀ ਟੀ ਸੀ ਲਿਟਲ ਚੈਂਪਸ ਮੁਕਾਬਲੇ ਦੀ ਉਪ ਜੇਤੂ ਹੈ। ਵਰਨਣ ਯੋਗ ਇਹ ਗੱਲ ਹੈ ਕਿ ਬਾਪ ਵਿਹੂਣੀ ਇਸ ਬੇਟੀ ਨੂੰ ਇਸ ਦੀ ਮਾਤਾ ਕਿਸੇ ਪ੍ਰਾਈਵੇਟ ਸਕੂਲ ਵਿੱਚ ਸਫ਼ਾਈ ਸੇਵਿਕਾ ਵਜੋਂ ਕੰਮ ਕਰਕੇ ਪਾਲ ਤੇ ਪੜ੍ਹਾ ਰਹੀ ਹੈ।

 ਇਸ ਮੌਕੇ ਬੋਲਦਿਆਂ ਉੱਘੇ ਲੇਖਕ ਤੇ ਸਾਬਕਾ ਪੁਲੀਸ ਕਮਿਸ਼ਨਰ ਸਃ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਲੋਂ ਸੰਗੀਤ ਦੇ ਖੇਤਰ ਵਿਚ ਕਲਾਕਾਰਾਂ ਦੀ ਘਾੜਤ ਕਰਦਿਆਂ ਚੰਗੀਆਂ ਕਦਰਾਂ ਕੀਮਤਾਂ ਦੇ ਪਾਸਾਰ ਦਾ ਧਿਆਨ ਰੱਖਦਿਆਂ ਸਮਾਜ ਆਪਣਾ ਜ਼ੁੰਮੇਵਾਰਾਨਾ ਯੋਗਦਾਨ ਪਾਇਆ ਜਾ ਰਿਹਾ ਹੈ।

ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ ਨੇ ਕਿਹਾ ਕਿ ਮਿਆਰੀ ਲੇਖਣੀ ਵਾਲੇ ਉਘੇ ਲਿਖਾਰੀਆਂ ਦੀਆਂ ਲਿਖਤਾਂ ਨੂੰ ਆਪਣੇ ਸਿਖਿਆਰਥੀਆਂ  ਵਿਚ ਪ੍ਰਚਲਿਤ ਕਰਨਾ, ਸੰਗੀਤ ਦੇ ਖੇਤਰ ਵਿਚ ਚੰਗੇ ਸਿਹਤਮੰਦ ਬੀਜ ਬੀਜਣ ਨਾਲ ਸੰਸਥਾ ਵਲੋਂ ਦੂਰ ਅੰਦੇਸ਼ੀ ਵਾਲਾ ਕਾਰਜ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਨਵੀਂ ਪੀੜ੍ਹੀ ਦੇ ਗਾਇਕਾਂ ਵਿਚ ਉਚੇਰੀਆਂ ਕਦਰਾ ਕੀਮਤਾਂ ਦਾ ਸੰਚਾਰ ਹੁੰਦਾ ਹੈ।

ਮਿਸਿਜ਼ ਨਾਜ਼ਿਮਾ ਬਾਲੀ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ। ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੀ ਇਹ ਵਿਸ਼ੇਸ਼ ਸੰਗੀਤਕ ਸ਼ਾਮ ਸਰੋਤਿਆਂ ਦੇ ਮਨਾਂ ਵਿਚ ਯਾਦਗਾਰੀ ਬਣੀ।


Top