Logo
Header
img

kapurthala - “ਲੋਕ ਭਾਗੀਦਾਰੀ “ ਨਾਲ ਕਾਂਜਲੀ ਵਿਖੇ ਪਵਿੱਤਰ ਕਾਲੀ ਵੇਈਂ ਨੂੰ ਸਾਫ ਕਰਨ ਦਾ ਕਾਰਜ ਸ਼ੁਰੂ

ਕਪੂਰਥਲਾ, 26 ਅਕਤੂਬਰ ਕਾਂਜਲੀ ਵੈਟਲੈਂਡ ਵਿਖੇ ਪਵਿੱਤਰ ਕਾਲੀ ਵੇਈਂ ਦੀ ਸਾਫ ਸਫਾਈ ਦੀ ਮੁਹਿੰਮ ਦੀ ਅੱਜ ‘ਲੋਕ ਭਾਗੀਦਾਰੀ ’ ਨਾਲ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਸ਼ੁਰੂਆਤ ਕਰਵਾਈ ਗਈ। ਇਸ ਮੁਹਿੰਮ ਤਹਿਤ ਪ੍ਰਸ਼ਾਸ਼ਨ ਵਲੋਂ  ਕੀਤੇ ਜਾਣ ਵਾਲੇ ਯਤਨਾਂ ਵਿਚ ਲੋਕਾਂ, ਉਦਯੋਗਪਤੀਆਂ, ਕਰਮਚਾਰੀਆਂ , ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਵੇਈਂ ਵਿਚੋਂ ਹਾਈਸਿੰਥ ਬੂਟੀ ਕੱਢਣ ਦਾ ਕਾਰਜ ਕੀਤਾ ਜਾਵੇਗਾ ਤਾਂ ਜੋ ਵੇਈਂ ਦੀ ਸਾਫ ਸਫਾਈ ਦੇ ਨਾਲ-ਨਾਲ ਕਾਂਜਲੀ ਵੈਟਲੈਂਡ ਨੂੰ ਵਿਕਸਤ ਕੀਤਾ ਜਾ ਸਕੇ। ਇਸ ਸਬੰਧੀ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਵਲੋਂ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਗਰ ਨਿਗਮ ਕਪੂਰਥਲਾ ਦੀ ਕਮਿਸ਼ਨਰ ਅਨੁਪਮ ਕਲੇਰ  ਤੇ ਧਾਰਮਿਕ ਆਗੂਆਂ ਬਾਬਾ ਅਮਰੀਕ ਸਿੰਘ, ਬਾਬਾ ਲੀਡਰ ਸਿੰਘ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਜਿਸ ਵੇਈਂ ਵਿਚੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਉਸਦੀ ਸਾਫ ਸਫਾਈ ਦੇ ਕਾਰਜ ਵਿਚ ਸ਼ਮੂਲੀਅਤ ਕਰਕੇ ਉਹ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ’। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਾਰਜ ਵਿਚ ਵਧ ਚੜ੍ਹਦੇ ਹਿੱਸਾ ਲੈਣ ਕਿਉਂਕਿ ਪਵਿੱਤਰ ਵੇਈਂ ਦੀ ਧਾਰਮਿਕ ਮਹੱਤਤਾ ਦੇ ਨਾਲ-ਨਾਲ ਇਹ ਪੂਰੇ ਦੁਆਬਾ ਖੇਤਰ ਅੰਦਰ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਵਿਚ ਬਹੁਤ ਅਹਿਮ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬੂਟੀ ਕੱਢਣ ਦੇ ਕੰਮ ਵਿਚ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਤੇ ਨਾਲ ਹੀ ਨੈਟ ਲਗਾਕੇ ਬੂਟੀ ਨੂੰ ਪਿੱਛੇ ਰੋਕਣ ਲਈ ਸਰਵੇ ਕਰਨ ਤਾਂ ਜੋ ਕਾਂਜਲੀ ਵੈਟਲੈਂਡ ਵਿਖੇ ਪਾਣੀ ਸਾਫ ਸੁਥਰਾ ਰਹੇ। ਉਨ੍ਹਾਂ ਕਿਹਾ ਕਿ ਕਾਂਜਲੀ ਵੈਟਲੈਂਡ ਜੋ ਕਿ 2002 ਦੀ ਰਾਮਸਰ ਕਨਵੈਨਸ਼ਨ ਰਾਹੀਂ ਅੰਤਰਰਾਸ਼ਟਰੀ ਮਹੱਤਤਾ ਵਾਲੀ ਵੈਟਲੈਂਡ ਐਲਾਨੀ ਗਈ ਹੈ ਅਤੇ ਪ੍ਰਵਾਸੀ ਪੰਛੀਆਂ ਦੀ ਆਮਦ ਲਈ ਪ੍ਰਸਿੱਧ ਹੈ, ਨੂੰ ਵਿਕਸਤ ਕਰਨ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਯਤਨ ਕੀਤੇ ਜਾ ਰਹੇ ਹਨ। ਦੱਸਣਯੋਗ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ 2021 ਵਿਚ ਲਗਭਗ 22 ਸਾਲ ਬਾਅਦ ਕਾਂਜਲੀ ਵੈਟਲੈਂਡ ਵਿਖੇ ਵਿਸਾਖੀ ਮੇਲਾ ਵੀ ਕਰਵਾਇਆ ਗਿਆ ਸੀ। ਇਸ ਮੌਕੇ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਖੁਦ ਮਸ਼ੀਨ ਚਲਾਕੇ ਬੂਟੀ ਨੂੰ ਕੱਢਣ ਦੇ ਕੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜੁਆਇੰਟ ਸਕੱਤਰ ਗੁਰਪਾਲ ਸਿੰਘ, ਵਪਾਰ ਮੰਡਲ ਦੇ ਆਗੂ ਕੰਵਰ ਇਕਬਾਲ ਸਿੰਘ ਤੇ ਪਰਮਿੰਦਰ ਸਿੰਘ ਢੋਟ, ਐਸ.ਡੀ.ਓ. ਡਰੇਨਜ਼ ਗੁਰਚਰਨ ਸਿੰਘ ਪੰਨੂ ਤੇ ਹੋਰ ਹਾਜ਼ਰ ਸਨ। ਕੈਪਸ਼ਨ-ਕਪੂਰਥਲਾ ਦੀ ਕਾਂਜਲੀ ਵੈਟਲੈਂਡ ਵਿਖੇ ਕਾਲੀ ਵੇਈਂ ਵਿਚੋਂ ਹਾਈਸਿੰਥ ਬੂਟੀ ਕੱਢਣ ਦੇ ਕੰਮ ਦੀ ਸ਼ੁਰੂਆਤ ਮੌਕੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ। ਕੈਪਸ਼ਨ- ਕਪੂਰਥਲਾ ਦੀ ਕਾਂਜਲੀ ਵੈਟਲੈਂਡ ਵਿਖੇ ਕਾਲੀ ਵੇਈਂ ਵਿਚੋਂ ਹਾਈਸਿੰਥ ਬੂਟੀ ਕੱਢਣ ਦੇ ਕੰਮ ਦੀ ਸ਼ੁਰੂਆਤ ਮੌਕੇ ਵਿਚਾਰ ਵਟਾਂਦਰਾ ਕਰਦੇ ਹੋਏ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ, ਬਾਬਾ ਅਮਰੀਕ ਸਿੰਘ, ਬਾਬਾ ਲੀਡਰ ਸਿੰਘ, ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਤੇ ਹੋਰ।
Top