Logo
Header
img

ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਲਈ ਬਣਾਉਣ ਵਾਸਤੇ ਸੰਸਥਾਵਾਂ ਸਿਰ ਜੋੜਨ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਬੀਤੀ ਸ਼ਾਮ ਹੋਰ ਪ੍ਰਮੁੱਖ ਲੇਖਕਾਂ , ਯੂਨੀਵਰਸਿਟੀਆਂ ਦੇ ਸੀਨੀਅਰ ਅਧਿਆਪਕਾਂ ਤੇ ਸਾਹਿੱਤ ਪ੍ਰੇਮੀਆਂ ਸਮੇਤ  ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਮੌਕੇ ਸ਼੍ਰੀ ਭੈਣੀ ਸਾਹਿਬ (ਲੁਧਿਆਣਾ)ਵਿਖੇ ਨਾਮਧਾਰੀ ਸੰਪਰਦਾਇ ਦੇ ਮੁਖੀ ਸਤਿਗੁਰੂ ਉਦੈ ਸਿੰਘ ਜੀ ਨਾਲ ਮੁਲਾਕਾਤ ਕੀਤੀ। ਪੰਜਾਬੀ ਭਾਸ਼ਾ ਦੇ ਵਿਕਾਸ,ਪਸਾਰ ਅਤੇ ਪ੍ਰਚਾਰ ਸੰਬੰਧੀ ਚਰਚਾ ਕਰਦਿਆਂ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਮੇਂ ਦੇ ਹਾਣ ਦੀ ਬਣਾਉਣ ਵਾਸਤੇ ਸਾਹਿਤ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਨੌਜਵਾਨ ਪੀੜ੍ਹੀ ਨੂੰ ਵਿਰਾਸਤ ਤੇ ਗੁਰਮੁਖ ਸੱਭਿਆਚਾਰ ਨਾਲ ਜੋੜਨ ਤੇ ਤੋਰਨ ਦੀ ਲੋੜ ਹੈ। ਅੱਜ ਗੁਰੂ ਨਾਨਕ ਦੇਵ ਜੀ ਦੇ ਸਰਬ ਸਾਂਝੇ ਸੰਦੇਸ਼ ਦੇ ਪਸਾਰੇ ਲਈ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਦੇ ਬੱਚੇ ਬੱਚੀਆਂ ਨੂੰ ਵੱਖ ਵੱਖ ਮੁਕਾਬਲਿਆਂ ਰਾਹੀਂ ਮਾਂ ਬੋਲੀ ਸਨਮਾਨ ਕਾਫ਼ਲੇ ਦੇ ਮੇਹਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾਮਧਾਰੀ ਦਰਬਾਰ ਵੱਲੋਂ ਇਸ ਸ਼ੁਭ ਕਾਰਜ ਲਈ ਤਕਨੀਕੀ, ਆਰਥਿਕ ਤੇ ਭਾਈਚਾਰਕ ਸਹਿਯੋਗ ਦਿੱਤਾ ਜਾਵੇਗਾ।

ਡਾ. ਦੀਪਕ ਮਨਮੋਹਨ ਸਿੰਘ ਨੇ ਸੁਝਾਅ ਦਿੱਤਾ ਕਿ ਵਿਸ਼ਵ ਪੰਜਾਬੀ ਕਾਨਫਰੰਸਾਂ  ਨੂੰ ਮੁੱਢਲੇ ਦੌਰ ਤੋਂ ਹੀ ਸਰਪ੍ਰਸਤੀ ਦਿੱਤੀ ਹੈ ਅਤੇ ਬੈਂਕਾਕ ਕਾਨਫਰੰਸ ਦੀ ਤਾਂ ਮੇਜ਼ਬਾਨੀ ਹੀ ਨਾਮਧਾਰੀ ਸੰਗਤ ਨੇ ਕੀਤੀ ਸੀ, ਹੁਣ ਇਸ ਨੂੰ ਨਵਿਆਉਣ ਦੀ ਲੋੜ ਹੈ।

ਮੁਲਾਕਾਤ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਥਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ,ਡਾ. ਸਰਬਜੀਤ ਸਿੰਘ ਪ੍ਰੋਫੈਸਰ ਪੰਜਾਬੀ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਸ਼ਿੰਦਰਪਾਲ ਸਿੰਘ, ਡਾ. ਗੁਲਜ਼ਾਰ ਪੰਧੇਰ ਸੰਪਾਦਕ ਸਮਕਾਲੀ ਨਜ਼ਰੀਆ,ਡਾ. ਸਰਬਜੀਤ ਕੌਰ ਸੋਹਲ ਪ੍ਰਧਾਨ ਪੰਜਾਬ ਸਾਹਿੱਤ ਅਕਾਡਮੀ ਚੰਡੀਗੜ੍ਹ, ਪ੍ਰੋ. ਸੁਰਜੀਤ ਜੱਜ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ,ਅਮਰੀਕਾ ਤੋਂ ਆਏ ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਤੇ ਪਰਵਾਸੀ ਕਵੀ ਰਵਿੰਦਰ ਸਹਿਰਾਅ ਅਮਰੀਕਾ, ਡਾ. ਸਵੈਰਾਜ ਸੰਧੂ, ਡਾ. ਨਿਰਮਲ ਸਿੰਘ ਬਾਸੀ, ਦਰਸ਼ਨ ਸਿੰਘ ਮੱਕੜ ਸਾਬਕਾ ਨਿਊਜ ਐਡੀਟਰ ਅਜੀਤ ਤੇ ਵਰਤਮਾਨ ਮੁਖੀ ਲੁਧਿਆਣਾ ਟਾਈਮਜ਼ ਚੈਨਲ,ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਤੇ ਤ੍ਰੈਮਾਸਿਕ ਪੱਤਰ ਹੁਣ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ ,ਜਗਤਾਰ ਸੇਖਾ,ਫਿਲਮਸਾਜ਼ ਇੰਦਰਜੀਤ ਦੇਵਗੁਣ,ਸੰਜੀਵਨ ਸਿੰਘ ਪ੍ਰਧਾਨ ਇਪਟਾ ਪੰਜਾਬ, ਰੰਜੀਵਨ ਸਿੰਘ ਐਡਵੋਕੇਟ, ਡਾ. ਦੀਪਕ ਮਨਮੋਹਨ ਸਿੰਘ, ਬਲਕਾਰ ਸਿੰਘ, ਕਮਲ ਦੋਸਾਂਝ ਸੰਪਾਦਕ ਤ੍ਰੈਮਾਸਿਕ ਹੁਣ, ਪੰਜਾਬੀ ਕਵੀ ਹਰਵਿੰਦਰ ਗੁਲਾਬਾਸੀ, ਗੁਰਭੇਜ ਸਿੰਘ ਗੋਰਾਇਆ, ਜਗਤਾਰ ਸੇਖਾ, ਗੁਰਸੇਵਕ ਸਿੰਘ ਢਿੱਲੋਂ ਅਤੇ ਹੋਰ ਸਾਹਿਤਕਾਰ ਸ਼ਾਮਿਲ ਸਨ। ਇਸ ਮੌਕੇ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਨਾਮਧਾਰੀ ਦਰਬਾਰ ਨੂੰ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਭਰਪੂਰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਸਤਿਗੁਰੂ ਰਾਮ ਸਿੰਘ ਜੀ ਨੇ ਆਪਣੇ ਹੁਕਮਨਾਮੇ ਵਿੱਚ ਗੁਰਮੁਖੀ ਅੱਖਰ ਪੜ੍ਹਨੇ ਤੇ ਪੜਾਵਣੇ ਤੇ ਪੰਜਾਬੀ ਦੀ ਪੜ੍ਹਾਈ ਉਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਸਾਹਿੱਤਕ, ਵਿਦਿਅਕ,ਸਭਿਆਚਾਰਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੂੰ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਸਭ ਵਖਰੇਵਿਆਂ ਨੂੰ ਪਾਸੇ ਰੱਖਦੇ ਹੋਏ ਇਸ ਮਾਂ ਬੋਲੀ ਵਿਕਾਸ ਯੱਗ ਵਿੱਚ ਰਲ ਕੇ ਹਿੱਸਾ ਪਾਉਣਾ ਚਾਹੀਦਾ ਹੈ। ਡਾ. ਦੀਪਕ ਮਨਮੋਹਨ ਸਿੰਘ,ਸੁਰਿੰਦਰ ਸਿੰਘ ਸੁੱਨੜ, ਹਰਵਿੰਦਰ ਚੰਡੀਗੜ੍ਹ,ਡਾ. ਸ਼ਿੰਦਰਪਾਲ ਸਿੰਘ, ਡਾ. ਸਰਬਜੀਤ ਕੌਰ ਸੋਹਲ, ਸੁਸ਼ੀਲ ਦੋਸਾਂਝ,ਡਾ. ਸੁਖਦੇਵ ਸਿੰਘ ਤੇ ਡਾ. ਸਰਬਜੀਤ ਸਿੰਘ ਨੇ ਵੀ ਪੰਜਾਬੀ ਭਾਸ਼ਾ ਵਿਕਾਸ ਲਈ ਇਸ ਮੌਕੇ ਨਿੱਗਰ ਸੁਝਾਅ ਦਿੱਤੇ।

Top