Logo
Header
img

ਵਿਧਾਇਕ ਗੋਗੀ ਵਲੋਂ ਪਾਰਕਿੰਗ ਸਟੈਂਡ ਦੀ ਚੈਕਿੰਗ ਦੌਰਾਨ ਪਾਈਆਂ ਗਈਆਂ ਖਾਮੀਆਂ

ਲੁਧਿਆਣਾ, 26 ਅਕਤੂਬਰ (000) - ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵਲੋਂ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਖਾਮੀਆਂ ਪਾਈਆਂ ਜਾਣ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਦੇ ਵੀ ਨਿਰਦੇਸ਼ ਦਿੱਤੇ। ਸਥਾਨਕ ਲੋਕਾਂ ਵਲੋਂ ਵਿਧਾਇਕ ਸ੍ਰੀ ਗੋਗੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਬਹੁਮੰਜ਼ਿਲਾਂ ਪਾਰਕਿੰਗ ਸਟੈਂਡ ਦੇ ਠੇਕੇਦਾਰ ਵਲੋਂ ਓਵਰ ਚਾਰਜਿੰਗ ਦੇ ਨਾਲ-ਨਾਲ ਪਾਰਕਿੰਗ ਵਿੱਚ ਗੱਡੀਆਂ/ਮੋਟਰ ਸਾਈਕਲ ਖੜ੍ਹੇ ਕਰਨ ਵਾਲੇ ਲੋਕਾਂ ਨਾਲ ਦੁਰਵਿਵਹਾਰ ਵੀ ਕੀਤਾ ਜਾਂਦਾ ਹੈ। ਵਿਧਾਇਕ ਗੋਗੀ ਵਲੋਂ ਫੌਰੀ ਤੌਰ 'ਤੇ ਕਾਰਵਾਈ ਕਰਦਿਆਂ ਚੱਲ ਰਹੀ ਪ੍ਰਕਿਰਿਆ ਦਾ ਨਿਰੀਖਣ ਕੀਤਾ ਗਿਆ ਜਿੱਥੇ ਠੇਕੇਦਾਰ ਵੱਲੋਂ ਵੱਧ ਵਸੂਲੀ ਕੀਤੀ ਜਾ ਰਹੀ ਸੀ ਅਤੇ ਆਮ ਜਨਤਾ ਨਾਲ ਵਤੀਰਾ ਵੀ ਸਹੀ ਨਹੀਂ ਪਾਇਆ ਗਿਆ। ਉਨ੍ਹਾ ਦੱਸਿਆ ਕਿ ਠੇਕੇਦਾਰ ਵਲੋਂ ਨਿਯਮਾਂ ਅਨੁਸਾਰ ਤੈਅ ਸ਼ੁਦਾ ਰੇਟ ਲਿਸਟ ਵੀ ਨਹੀਂ ਲਗਾਈ ਗਈ। ਵਿਧਾਇਕ ਸ੍ਰੀ ਗੋਗੀ ਵਲੋਂ ਠੇਕੇਦਾਰ ਦੀ ਤਾੜਨਾ ਕਰਦਿਆਂ ਕਿਹਾ ਕਿ ਪਾਰਕਿੰਗ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ ਅਤੇ ਆਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਲੁੱਟ-ਖਸੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਅਦ ਵਿੱਚ, ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨਾਲ ਵੀ ਮੁਲਾਕਾਤ ਕੀਤੀ ਗਈ ਜਿੱਥੇ ਉਨ੍ਹਾਂ ਪਾਰਕਿੰਗ ਠੇਕੇਦਾਰ ਵਲੋਂ ਆਮ ਜਨਤਾ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਬਾਰੇ ਜਾਣੂੰ ਕਰਵਾਇਆ ਗਿਆ। ਵਿਧਾਇਕ ਗੋਗੀ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਗਿਆ ਕਿ ਜਲਦ ਠੇਕੇਦਾਰ ਨੂੰ ਨੋਟਿਸ ਕੱਢ ਕੇ ਉਸਦੇ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਨੇ ਦੱਸਿਆ ਕਿ ਸੂਬੇ ਵਿੱਖ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਪਾਰਦਰਸ਼ੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਆਮ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਵਿਧਾਇਕ ਗੋਗੀ ਦੇ ਮੀਡੀਆ ਇੰਚਾਰਜ਼ ਸ੍ਰੀ ਨਵੀਨ ਗੋਗਨਾ, ਸਤਨਾਮ ਸਿੰਘ ਸੰਨੀ ਮਾਸਟਰ, ਰਜੀਵ ਗੁਗਲਾਨੀ, ਰਾਹੁਲ ਦੱਤ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
Top