Logo
Header
img

ਖੰਨਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਮੈਗਾ 'ਅਥਲੈਟਿਕ ਮੀਟ' ਦਾ ਆਯੋਜਨ

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੰਨਾ ਪੁਲਿਸ ਵੱਲੋਂ ਏ.ਐਸ.ਕਾਲਜ ਖੰਨਾ ਵਿਖੇ ਇੱਕ ਮੈਗਾ ਸਪੋਰਟਸ ਈਵੈਂਟ 'ਅਥਲੈਟਿਕਸ ਮੀਟ' ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹੇ ਭਰ ਦੇ ਸੈਂਕੜੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡ ਗਤੀਵਿਧੀਆਂ ਵਿੱਚ ਭਾਗ ਲਿਆ।


ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਡੀ.ਆਈ.ਜੀ. ਧਨਪ੍ਰੀਤ ਕੌਰ, ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ, ਪੁਲਿਸ ਕਮਿਸ਼ਨਰ ਲੁਧਿਆਣਾ ਕੁਲਦੀਪ ਸਿੰਘ ਚਾਹਲ ਅਤੇ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇ ਇਸ ਸਮਾਗਮ ਦਾ ਉਦਘਾਟਨ ਕੀਤਾ ਅਤੇ ਨੌਜਵਾਨਾਂ ਨੂੰ ਖੇਡਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ ਤਾਂ ਜੋ ਉਹ ਆਪਣੇ ਭਵਿੱਖ ਨੁੰ ਉਜਵਲ ਬਣਾ ਸਕਣ।


ਡਿਪਟੀ ਕਮਿਸ਼ਨਰ ਮਲਿਕ ਵਲੋਂ ਖੰਨਾ ਪੁਲਿਸ ਨੂੰ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਇਸ ਵੱਡੇ ਖੇਡ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਖੇਡਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ ਕਿਉਂਕਿ ਇਹ ਨਾ ਸਿਰਫ ਸਾਡੇ ਵਿੱਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ ਸਗੋਂ ਸਾਨੂੰ ਨਸ਼ਿਆਂ ਤੋਂ ਵੀ ਬਚਾਉਂਦੀਆਂ ਹਨ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਸਰੀਰਕ ਗਤੀਵਿਧੀਆਂ ਨੌਜਵਾਨਾਂ ਦਾ ਆਤਮ ਵਿਸ਼ਵਾਸ ਮਜ਼ਬੂਤ ਕਰਨ ਦੇ ਨਾਲ-ਨਾਲ ਆਪਣੇ ਜ਼ਿੰਦਗੀ ਵਿੱਚ ਉੱਚ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਹੋਰ ਪ੍ਰੇਰਿਤ ਕਰਦੀਆਂ ਹਨ।

 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਲਈ ਪਹਿਲਾਂ ਹੀ ਕਈ ਪਹਿਲਕਦਮੀਆਂ ਕੀਤੀਆਂ ਹਨ ਅਤੇ 'ਖੇਡਾਂ ਵਤਨ ਪੰਜਾਬ ਦੀਆਂ' ਅਜਿਹੇ ਸਮਾਗਮਾਂ ਵਿੱਚੋਂ ਇੱਕ ਹੈ ਜਿਸ ਦਾ ਉਦੇਸ਼ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਹੈ।


ਉਨ੍ਹਾ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਇਸ ਵਿਸ਼ਾਲ ਕਾਰਜ ਵਿੱਚ ਲੋਕਾਂ ਦੇ ਸਹਿਯੋਗ ਦੀ ਵੀ ਮੰਗ ਕੀਤੀ।


ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਖੰਨਾ ਅਮਨੀਤ ਕੋਂਡਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਿਸ ਵਿਭਾਗ ਵੱਲੋਂ ਸੂਬੇ ਵਿੱਚ ਅਜਿਹੀਆਂ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਅੱਜ ਖੰਨਾ ਵਿਖੇ ਐਥਲੈਟਿਕਸ ਮੀਟ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 14 ਸਾਲ ਤੋਂ ਵੱਧ ਉਮਰ ਦੇ ਸੈਂਕੜੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ।


ਐਸ.ਐਸ.ਪੀ. ਕੌਂਡਲ ਨੇ ਅੱਗੇ ਦੱਸਿਆ ਕਿ ਖੰਨਾ ਵਿਖੇ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਸਪ੍ਰਿੰਟ, 400 ਅਤੇ 800 ਮੀਟਰ ਦੌੜ, ਲੰਬੀ ਛਾਲ, ਉੱਚੀ ਛਾਲ, ਸ਼ਾਰਟ ਪੁਟ ਤੋਂ ਇਲਾਵਾ ਹੋਰ ਖੇਡਾਂ ਵੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜਾਗਰੂਕਤਾ ਫੈਲਾਉਣਾ ਸਮੇਂ ਦੀ ਲੋੜ ਹੈ ਤਾਂ ਜੋ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਹਰ ਵਰਗ ਦੇ ਲੋਕਾਂ ਦੀ ਸਰਗਰਮ ਭਾਗੀਦਾਰੀ ਰਾਹੀਂ ਲੋਕ ਲਹਿਰ ਵਿੱਚ ਤਬਦੀਲ ਕੀਤਾ ਜਾ ਸਕੇ।

Top