Logo
Header
img

ਸ਼ਹੀਦ ਸੁਖਦੇਵ ਦੇ ਜੱਦੀ ਘਰ ਤੱਕ ਜਲਦ ਸਿੱਧੀ ਸੜ੍ਹਕੀ ਪਹੁੰਚ ਬਣਾਉਣ ਲਈ ਪ੍ਰਸ਼ਾਸਨ ਵਚਨਬੱਧ

ਲੁਧਿਆਣਾ, 13 ਫਰਵਰੀ (000) - ਡਿਪਟੀ ਕਮਿਸ਼ਨਰ ਲੁਧਿਆਣਾ ਸੁਰਭੀ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਨੌਘਾਰਾ ਮੁਹੱਲੇ ਵਿੱਚ ਸ਼ਹੀਦ ਸੁਖਦੇਵ ਥਾਪਰ ਦੇ ਜੱਦੀ ਘਰ ਤੱਕ ਸਿੱਧੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਯਤਨ ਤੇਜ਼ ਕਰ ਦਿੱਤੇ ਗਏ ਹਨ। ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਮੈਂਬਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੌੜਾ ਬਾਜ਼ਾਰ ਤੋਂ ਇਨਕਲਾਬੀ ਆਗੂ ਦੇ ਘਰ ਤੱਕ ਸਿੱਧੀ ਪਹੁੰਚ ਸੜ੍ਹਕ ਨੂੰ ਯਕੀਨੀ ਬਣਾਉਣ ਦੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਐਕਵਾਇਰ ਅਤੇ ਹੋਰਾਂ ਸਬੰਧੀ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਸਾਰੀਆਂ ਕਾਨੂੰਨੀ ਪੇਚੀਦਗੀਆਂ ਅਤੇ ਹੋਰ ਪਹਿਲੂਆਂ ਨੂੰ ਦੂਰ ਕਰਨ ਲਈ ਵੀ ਕਿਹਾ ਤਾਂ ਜੋ ਤੇਜ਼ੀ ਨਾਲ ਚੱਲ ਰਹੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਡਿਪਟੀ ਕਮਿਸ਼ਨਰ ਮਲਿਕ ਨੇ ਕਿਹਾ ਕਿ ਸ਼ਹੀਦ ਸੁਖਦੇਵ ਜੀ ਦੇ ਨਾਲ-ਨਾਲ ਸ਼ਹੀਦ ਭਗਤ ਸਿੰਘ ਜੀ ਅਤੇ ਸ਼ਹੀਦ ਰਾਜਗੁਰੂ ਜੀ ਨੇ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਅਤੇ ਦੇਸ਼ ਵਾਸੀ ਉਨ੍ਹਾਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਧਰਤੀ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ, ਰਾਹੁਲ ਚਾਬਾ, ਅਮਰਜੀਤ ਬੈਂਸ, ਸ਼ਹੀਦ ਸੁਖਦੇਵ ਥਾਪਰ ਯਾਦਗਾਰੀ ਟਰੱਸਟ ਦੇ ਪ੍ਰਧਾਨ ਅਸ਼ੋਕ ਥਾਪਰ, ਤ੍ਰਿਭੁਵਨ ਥਾਪਰ ਅਤੇ ਹੋਰ ਹਾਜ਼ਰ ਸਨ।
Top